ਸੜਕ ਸੁਰੱਖਿਆ ਮਹਾਂ ਅਭਿਆਨ' ਤਹਿਤ ਪ੍ਰਿੰਸੀਪਲ ਗੁਲਸ਼ਨ ਅਰੋੜਾ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ
ਮਲੋਟ:- "ਸੜਕ ਸੁਰੱਖਿਆ ਮਹਾਂ ਅਭਿਆਨ" ਤਹਿਤ ਅੱਜ ਮਲੋਟ ਦੇ ਪ੍ਰਿੰਸ ਮਾਡਲ ਸਕੂਲ ਵਿਖੇ ਪ੍ਰਿੰਸੀਪਲ ਗੁਲਸ਼ਨ ਅਰੋੜਾ ਵੱਲੋਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਕਿਤੇ ਵੀ ਆਉਣ ਜਾਣ ਵੇਲੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੇਜ਼ ਰਫ਼ਤਾਰ ਤੋਂ ਤੌਬਾ ਕਰਨੀ ਚਾਹੀਦੀ ਹੈ, ਕਿਉਂਕਿ ਤੇਜ਼ ਰਫ਼ਤਾਰ ਕਾਰਨ ਅਕਸਰ ਸੜਕ ਹਾਦਸੇ ਹੋ ਜਾਂਦੇ ਹਨ। ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਜਰੂਰ ਪਹਿਨਣਾ ਚਾਹੀਦਾ ਹੈ ਕਿਉਂਕਿ ਹੈਲਮੇਟ ਸਾਡੀ ਜਾਨ ਦੀ ਰੱਖਿਆ ਕਰਦਾ ਹੈ। ਉਹਨਾਂ ਦੱਸਿਆ ਕਿ ਹਾਲੇ ਕੱਲ੍ਹ ਹੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿੱਚ 2 ਨਾਬਾਲਿਗ ਬੱਚਿਆਂ ਦੀ ਮੋਟਰਸਾਈਕਲ ਚਲਾਉਂਦੇ ਹੋਏ ਸੜਕ ਦੁਰਘਟਨਾ ਦੇ ਕਾਰਨ ਮੌਤ ਹੋ ਗਈ ਹੈ, ਇਸ ਲਈ ਨਾਬਾਲਿਗ ਬੱਚਿਆਂ ਨੂੰ ਕੋਈ ਵੀ ਵਾਹਨ ਨਹੀਂ ਚਲਾਉਣਾ ਚਾਹੀਦਾ। ਕਾਰ ਆਦਿ ਚਲਾਉਣ ਸਮੇਂ ਸੀਟ ਬੈਲਟ ਜਰੂਰ ਲਗਾਉਣੀ ਚਾਹੀਦੀ, ਧੁੰਦ ਦੇ ਮੌਸਮ ਵਿੱਚ ਲਾਈਟ ਅਤੇ ਇੰਡੀਗੇਟਰ ਜਰੂਰ ਚਲਾਉਣੀ ਚਾਹੀਦੀ ਹੈ , ਇਸ ਨਾਲ ਪਿੱਛੇ ਜਾਂ ਸਾਹਮਣੇ ਤੋਂ ਆਉਣ ਵਾਲੇ ਵਾਹਨ ਚਾਲਕ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿਸ ਪਾਸੇ ਜਾਣਾ ਹੈ ਜਾਂ ਮੁੜਨਾ ਹੈ। ਸਾਨੂੰ ਕਦੇ ਵੀ ਕਿਸੇ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਸਾਧਨ ਨਹੀਂ ਚਲਾਉਣਾ ਚਾਹੀਦਾ। ਅੰਤ ਵਿੱਚ ਪ੍ਰਿੰਸੀਪਲ ਗੁਲਸ਼ਨ ਅਰੋੜਾ ਨੇ ਵਿਦਿਆਰਥੀਆਂ ਤੋਂ ਇਹ ਵਾਅਦਾ ਲਿਆ ਕਿ ਉਹ ਸਾਰੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਜਰੂਰ ਕਰਣਗੇ ਅਤੇ ਦੂਸਰੇ ਲੋਕਾਂ ਨੂੰ ਵੀ ਇਹਨਾਂ ਨਿਯਮਾਂ ਦੇ ਬਾਰੇ ਪ੍ਰੇਰਿਤ ਕਰਣਗੇ। Author: Malout Live