ਨਗਰ ਕੌਂਸਲ ਮਲੋਟ ਵਿਖੇ ਰੇਹੜੀ ਫੜੀ ਵਾਲਿਆਂ ਲਈ ਸਮੱਰਥਾ ਨਿਰਮਾਣ ਅਤੇ ਸਿਖਲਾਈ ਵਰਕਸ਼ਾਪ ਦਾ ਹੋਇਆ ਆਯੋਜਨ
ਮਲੋਟ: ਨਗਰ ਕੌਂਸਲ ਮਲੋਟ ਦੁਆਰਾ ਪਿਛਲੇ ਸਾਲ ਤੋਂ ਹੀ ਰਜਿਸਟਰ ਕੀਤੇ ਗਏ ਰੇਹੜੀ ਫੜੀ ਵਾਲਿਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਧੀਨ ਨਗਰ ਕੌਂਸਲ ਮਲੋਟ ਵਿਖੇ ਮੀਟਿੰਗ ਹਾਲ ਵਿੱਚ ਜਗਸੀਰ ਸਿੰਘ ਧਾਲੀਵਾਲ ਕਾਰਜ ਸਾਧਕ ਅਫ਼ਸਰ ਦੀ ਰਹਿਨੁਮਾਈ ਹੇਠ ਪੀ.ਜੀ.ਆਈ ਦੇ ਸਕੂਲ ਆਫ ਪਬਲਿਕ ਹੈੱਲਥ ਕਮਿਊਨਿਟੀ ਮੈਡੀਸਨ ਵਿਭਾਗ ਦੀ ਟੀਮ ਵੱਲੋਂ ਰੇਹੜੀ ਫੜੀ ਵਾਲਿਆਂ ਲਈ ਸਮੱਰਥਾ ਨਿਰਮਾਣ ਅਤੇ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦੇ ਆਖਰੀ ਦਿਨ ਨਗਰ ਕੌਂਸਲ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਉਹਨਾਂ ਦੱਸਿਆ ਕਿ ਨਗਰ ਕੌਂਸਲ ਦੁਆਰਾ ਬੈਂਕ ਦੇ ਸਹਿਯੋਗ ਨਾਲ ਹੁਣ ਤੱਕ 44 ਲੱਖ ਦਾ ਲੋਨ ਵੰਡਿਆ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਰੇਹੜੀ ਫੜੀ ਵਾਲਿਆਂ ਨੂੰ ਲੋੜੀਂਦੀ ਹਰ ਸਹੂਲਤ ਦਿੱਤੀ ਜਾਵੇਗੀ। ਵਰਕਸ਼ਾਪ ਵਿੱਚ 356 ਰੇਹੜੀ ਫੜੀ ਵਾਲਿਆਂ ਨੇ ਭਾਗ ਲਿਆ ਅਤੇ ਇਸ ਦੋਰਾਨ ਸਾਫ ਸਫ਼ਾਈ ਅਤੇ ਸੁਰੱਖਿਆ ਲਈ ਕਿੱਟਾਂ ਅਤੇ ਸਿਖਲਾਈ ਸਰਟੀਫਿਕੇਟ ਵੰਡੇ ਗਏ।
ਇਸ ਮੌਕੇ ਪੀ.ਜੀ.ਆਈ ਐਮ.ਈ.ਆਰ ਚੰਡੀਗੜ ਪ੍ਰੋਗਰਾਮ ਮੈਨੇਜਰ ਅਤੇ ਡਾਈਟੀਸ਼ਿਅਨ ਮੈਡਮ ਕਮਲਪ੍ਰੀਤ ਕੋਰ ਚਹਿਲ ਨੇ ਦੱਸਿਆ ਕਿ ਉਹਨਾਂ ਦੇ ਵਿਭਾਗ ਵੱਲੋਂ ਪਿਛਲੇ ਇੱਕ ਸਾਲ ਤੋਂ ਰੇਹੜੀ ਫੜੀ ਵਾਲਿਆਂ ਨੂੰ ਜਾਗਰੂਕ ਕਰਨ ਲਈ ਸਿਖਲਾਈ ਵਰਕਸ਼ਾਪਾਂ ਪੂਰੇ ਪੰਜਾਬ ਵਿੱਚ ਲਗਾਈਆਂ ਜਾ ਰਹੀਆਂ ਹਨ। ਇਹਨਾਂ ਵਰਕਸ਼ਾਪਾਂ ਤਹਿਤ ਮਲੋਟ ਵਿਖੇ ਫਲ ਫਰੂਟ, ਸਬਜੀਆਂ, ਫਾਸਟ ਫੂਡ ਅਤੇ ਹੋਰ ਖਾਣ ਪੀਣ ਦੇ ਸਮਾਨ ਵੇਚਣ ਵਾਲੇ ਰੇਹੜੀ ਫੜੀ ਵਾਲਿਆਂ ਨੂੰ ਆਪਣੇ ਕੰਮ ਨੂੰ ਹੋਰ ਬਿਹਤਰ ਬਨਾਉਣ ਲਈ ਅਤੇ ਬਿਮਾਰੀਆਂ ਨੂੰ ਫੈਲਣ ਤੋ ਰੋਕਣ ਲਈ ਅਤੇ ਆਸ ਪਾਸ ਸਫ਼ਾਈ ਰੱਖਣ ਨਾਲ ਹੋਣ ਵਾਲੇ ਫਾਇਦੇ ਬਾਰੇ ਜਾਣਕਾਰੀ ਦਿੱਤੀ। ਮੈਡਮ ਜਸਬੀਰ ਕੋਰ ਟਰੇਨਿੰਗ ਕੌਆਰਡੀਨੇਟਰ ਨੇ ਹੋਰ ਵਿੱਤੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਪ੍ਰਦੀਪ ਸਿੰਘ ਸਿਟੀ ਮਿਸ਼ਨ ਮੈਨੇਜਰ ਵੱਲੋਂ ਪੀ.ਐਮ.ਸਵੈਨਿਧੀ, ਸੈਲਫ ਹੈਲਪ ਗਰੁੱਪ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋ ਇਲਾਵਾ ਰਾਜ ਕੁਮਾਰ ਸੈਨੇਟਰੀ ਇੰਸਪੈਕਟਰ ਅਤੇ ਜਸਕਰਨ ਸਿੰਘ ਸੀ.ਐਫ (ਸਵੱਛ ਭਾਰਤ) ਦੁਆਰਾ ਆਪਣੇ ਆਲੇ ਦੁਆਲੇ ਦੀ ਸਾਫ ਸਫ਼ਾਈ ਅਤੇ ਕੂੜੇ ਦੇ ਪ੍ਰਬੰਧਣ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਨਗਰ ਕੌਂਸਲ ਵਿੱਚ ਰਜਿਸਟਰੇਸ਼ਨ ਕਰਵਾਉਣੀ ਅਤਿ ਜਰੂਰੀ ਹੈ। ਜੇਕਰ ਤੁਸੀਂ ਰਜਿਸਟਰੇਸ਼ਨ ਨਾ ਕਰਵਾਉਗੇ ਤਾਂ ਬਹੁਤ ਸਾਰੀਆਂ ਸਰਕਾਰ ਦੀਆਂ ਸਕੀਮਾਂ ਤੋਂ ਅਧੂਰੇ ਰਹਿ ਸਕਦੇ ਹੋ। Author: Malout Live