ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਲੋਟ ਵਿਖੇ ਕਰਵਾਇਆ ਗਿਆ ਅੰਗਰੇਜ਼ੀ/ਸਮਾਜਿਕ ਸਿੱਖਿਆ ਮੇਲਾ

ਮਲੋਟ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਲੋਟ ਵਿਖੇ ਬੱਚਿਆਂ ਅੰਦਰ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ਪ੍ਰਤੀ ਪਿਆਰ ਪੈਦਾ ਕਰਨ ਅਤੇ ਸਮਾਜਿਕ ਸਿੱਖਿਆ ਵਿਸ਼ੇ ਨੂੰ ਹੋਰ ਰੌਚਕ ਬਣਾਉਣ ਲਈ ਸਕੂਲ ਕੰਪਲੈਕਸ ਵਿਖੇ ਪ੍ਰਿੰਸੀਪਲ ਗੁਰਵਿੰਦਰਪਾਲ ਸਿੰਘ ਮਠਾੜੂ ਦੀ ਅਗਵਾਈ ਹੇਠ ਮੇਲਾ ਕਰਵਾਇਆ ਗਿਆ। ਜਿਸ ਵਿੱਚ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸੁਕਤਾ ਨਾਲ ਭਾਗ ਲਿਆ। ਇਸ ਮੇਲੇ ਦਾ ਉਦਘਾਟਨ ਸਕੂਲ ਦੇ ਵਾਇਸ ਪ੍ਰਿੰਸੀਪਲ ਨਿਰਮਲਪ੍ਰੀਤ ਕੌਰ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ ਕਲਾ ਕਿਰਤਾਂ ਆਏ ਹੋਏ ਮਹਿਮਾਨਾਂ ਸਨਮੁੱਖ ਪੇਸ਼ ਕੀਤੀਆਂ।

ਇਸ ਮੇਲੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਵੱਲੋਂ ਬਲਾਕ ਮੈਂਟਰ ਸ਼੍ਰੀ ਵਨੀਤ ਕੁਮਾਰ ਅਤੇ ਰਾਜਨ ਗੋਇਲ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਇਸ ਮੌਕੇ ਮੇਲੇ ਦੇ ਪ੍ਰਬੰਧਕ ਬਲਦੇਵ ਸਿੰਘ ਸਾਹੀਵਾਲ, ਹਰਪ੍ਰੀਤ ਬੇਦੀ, ਨਿਸ਼ੂ ਮੁਟਨੇਜਾ, ਗੁਰਮੀਤ ਕੌਰ, ਹਰਮੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਮਾਤ ਦੀਆਂ ਰੋਜ਼ਾਨਾ ਪੜ੍ਹਾਈ ਤੋਂ ਹਟ ਕੇ ਅਲੱਗ-ਅਲੱਗ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਰੁਚੀ ਸਮਾਜਿਕ ਸਿੱਖਿਆ ਵਿਸ਼ੇ ਪ੍ਰਤੀ ਪੈਦਾ ਹੋਵੇ ਅਤੇ ਨਾਲ ਦੀ ਨਾਲ ਅੰਗਰੇਜ਼ੀ ਭਾਸ਼ਾ ਪ੍ਰਤੀ ਪਿਆਰ ਪੈਦਾ ਹੋਵੇ ਤਾਂ ਜੋ ਵਿਦਿਆਰਥੀ ਆਪਣੀ ਸਖ਼ਸ਼ੀਅਤ ਦਾ ਸਰਵਪੱਖੀ ਵਿਕਾਸ ਕਰ ਸਕਣ। ਇਸ ਮੌਕੇ ਸਕੂਲ ਅਧਿਆਪਕਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਅਤੇ ਵਿਦਿਆਰਥੀ ਹਾਜ਼ਿਰ ਸਨ।