ਮਲੋਟ ਦੇ ਪਿੰਡ ਪੰਨੀਵਾਲਾ 'ਚ ਵਾਪਰੀ ਵਾਰਦਾਤ, ਦੁਬਈ ਤੋਂ ਪਰਤੇ ਜਵਾਈ ਨੇ ਸਹੁਰੇ ਅਤੇ ਸਾਲੇ ਦਾ ਕੀਤਾ ਕਿਰਚ ਮਾਰ ਕੇ ਕਤਲ
ਮਲੋਟ (ਪੰਨੀਵਾਲਾ ਫੱਤਾ): ਉਪ-ਮੰਡਲ ਦੇ ਪਿੰਡ ਪੰਨੀਵਾਲਾ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਦੁਬਈ ਤੋਂ ਵਾਪਿਸ ਮੁੜੇ ਇੱਕ ਵਿਅਕਤੀ ਨੇ ਸਹੁਰੇ ਘਰ ਪੁੱਜ ਕੇ ਸਹੁਰੇ ਅਤੇ ਸਾਲੇ ਦਾ ਕਤਲ ਕਰ ਦਿੱਤਾ ਅਤੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ। ਕਬਰਵਾਲਾ ਪੁਲਿਸ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪ੍ਰੇਮ ਸਿੰਘ ਪੁੱਤਰ ਸ਼ਬੇਗ ਸਿੰਘ ਵਾਸੀ ਪੰਨੀਵਾਲਾ ਨੇ ਦੱਸਿਆ ਕਿ ਉਹ ਆਪਣੇ ਦੋ ਭਰਾਵਾਂ ਤਰਸੇਮ ਸਿੰਘ ਅਤੇ ਗੁਰਪਾਲ ਸਿੰਘ ਨਾਲ ਇੱਕ ਘਰ ਵਿੱਚ ਇਕੱਠੇ ਰਹਿੰਦੇ ਹਨ। ਤਰਸੇਮ ਸਿੰਘ ਦੀ ਕੁੜੀ ਰਮਨਦੀਪ ਕੌਰ ਦਾ ਵਿਆਹ 2 ਸਾਲ ਪਹਿਲਾਂ ਬਲਜਿੰਦਰ ਸਿੰਘ ਵਿੱਕੀ ਪੁੱਤਰ ਜਗਰੂਪ ਸਿੰਘ ਵਾਸੀ ਗੁਰੂਸਰ ਮੋੜੀਆ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਆਪਣੀ ਪਤਨੀ ਰਮਨਦੀਪ ਕੌਰ ਨੂੰ ਗਰਭਵਤੀ ਹਾਲਤ ਵਿੱਚ ਛੱਡ ਕੇ ਡੇਢ ਸਾਲ ਪਹਿਲਾਂ ਬਲਜਿੰਦਰ ਸਿੰਘ ਦੁਬਈ ਚਲਾ ਗਿਆ। ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੇ ਰਮਨਦੀਪ ਕੌਰ ਵਾਪਿਸ ਪੇਕੇ ਪੰਨੀਵਾਲਾ ਫੱਤਾ ਆ ਗਈ, ਜਿੱਥੇ ਉਸਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਇਸ ਦੌਰਾਨ ਉਸਦੇ ਜਵਾਈ ਦੀ ਫੋਨ 'ਤੇ ਆਪਣੀ ਪਤਨੀ ਤੇ ਸਹੁਰੇ ਪਰਿਵਾਰ ਨਾਲ ਤਕਰਾਰ ਚੱਲਦੀ ਰਹਿੰਦੀ ਸੀ।
ਬੀਤੇ ਦਿਨ ਬਲਜਿੰਦਰ ਸਿੰਘ ਦੁਬਈ ਤੋਂ ਵਾਪਿਸ ਭਾਰਤ ਆਇਆ ਅਤੇ 11 ਵਜੇ ਪੰਨੀਵਾਲਾ ਸਹੁਰੇ ਘਰ ਪੁੱਜ ਗਿਆ। ਜਿੱਥੇ ਉਸਦੀ ਸਹੁਰੇ ਪਰਿਵਾਰ ਨਾਲ ਤਕਰਾਰ ਹੋ ਗਈ। ਇਸ ਦੌਰਾਨ ਬਲਜਿੰਦਰ ਸਿੰਘ ਨੇ ਹਮਲਾ ਕਰਕੇ ਆਪਣੇ ਸਹੁਰੇ ਤਰਸੇਮ ਸਿੰਘ ਉਰਫ ਗੱਜਣ ਸਿੰਘ, ਘਰ ਵਾਲੀ ਦੇ ਚਚੇਰੇ ਭਰਾਵਾਂ ਅਤੇ ਮੁੱਦਈ ਪ੍ਰੇਮ ਸਿੰਘ ਦੇ ਮੁੰਡੇ ਨਰਿੰਦਰ ਸਿੰਘ ਮੋਨੋ ਅਤੇ ਰਵਿੰਦਰ ਸਿੰਘ, ਚਾਚੀ ਸੱਸ ਰਛਪਾਲ ਕੌਰ ਅਤੇ ਚਾਚੇ ਸਹੁਰੇ ਗੁਰਪਾਲ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ। ਬਾਅਦ ਵਿੱਚ ਹਸਪਤਾਲ ਜਾ ਕੇ ਤਰਸੇਮ ਸਿੰਘ ਅਤੇ ਨਰਿੰਦਰ ਸਿੰਘ ਮੋਨੂੰ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਐੱਸ.ਐੱਸ.ਪੀ. ਸ਼੍ਰੀ ਮੁਕਤਸਰ ਸਾਹਿਬ ਉਪਿੰਦਰਜੀਤ ਸਿੰਘ ਘੁੰਮਣ, ਐੱਸ.ਪੀ.ਡੀ. ਗੁਰਚਰਨ ਸਿੰਘ, ਡੀ.ਐੱਸ.ਪੀ.ਮਲੋਟ ਬਲਕਾਰ ਸਿੰਘ ਸੰਧੂ ਥਾਣਾ ਕਬਰਵਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਵੰਤ ਸਿੰਘ ਅਤੇ ਚੌਂਕੀ ਇੰਚਾਰਜ ਵੇਦ ਪ੍ਰਕਾਸ਼ ਮੌਕੇ 'ਤੇ ਪੁੱਜ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਬਲਜਿੰਦਰ ਸਿੰਘ ਨੂੰ ਉਸਦੀ ਭੈਣ ਸੁਖਵਿੰਦਰ ਕੌਰ ਅਤੇ ਜੀਜੇ ਗੁਰਚਰਨ ਸਿੰਘ ਵਾਸੀ ਨੇ ਵੀ ਸ਼ਹਿ ਦਿੱਤੀ ਸੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਤਿੰਨਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਖ ਅਫ਼ਸਰ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। Author: Malout Live