ਕੇ.ਵੀ.ਕੇ ਸ਼੍ਰੀ ਮੁਕਤਸਰ ਸਾਹਿਬ ਵੱਲੋਂ 24 ਵੀਂ ਵਿਗਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ
ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਡਾ. ਤਰਸੇਮ ਸਿੰਘ ਢਿੱਲੋਂ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਅਗਵਾਈ ਵਿੱਚ ਆਯੋਜਿਤ ਹੋਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਡਾ. ਤਰਸੇਮ ਸਿੰਘ ਢਿੱਲੋਂ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਅਗਵਾਈ ਵਿੱਚ ਆਯੋਜਿਤ ਹੋਈ। ਇਸ ਮੀਟਿੰਗ ਵਿੱਚ ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਸਿਖਲਾਈ), ਕੇ.ਵੀ.ਕੇ ਫ਼ਿਰੋਜ਼ਪੁਰ, ਡਾ. ਜਗਦੀਸ਼ ਕੁਮਾਰ ਅਰੋੜਾ, ਜਿਲ੍ਹਾ ਪਸਾਰ ਵਿਗਿਆਨੀ (ਪੌਦ ਸੁਰੱਖਿਆ), ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਅਬੋਹਰ ਅਤੇ ਡਾ. ਫ਼ਤਿਹਜੀਤ ਸਿੰਘ ਸੇਖੋਂ ਜਿਲ੍ਹਾ ਪਸਾਰ ਵਿਗਿਆਨ, ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਫ਼ਰੀਦਕੋਟ ਨੇ ਵੀ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਸ਼ੂ ਪਾਲਣ, ਸਹਿਕਾਰੀ ਸਭਾਵਾਂ, ਮੱਛੀ ਪਾਲਣ ਆਦਿ ਸਮੇਤ ਵੱਖ-ਵੱਖ ਸਹਾਇਕ ਵਿਭਾਗਾਂ ਦੇ ਜਿਲ੍ਹਾ ਮੁਖੀਆ ਦੇ ਨਾਲ-ਨਾਲ ਜਿਲ੍ਹੇ ਦੇ ਅਗਾਂਹਵਧੂ ਕਿਸਾਨ ਵੀ ਹਾਜ਼ਿਰ ਸਨ।
ਡਾ. ਤਰਸੇਮ ਸਿੰਘ ਢਿੱਲੋਂ ਨੇ ਕੇ.ਵੀ.ਕੇ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹੇ ਵਿੱਚ ਪਰਾਲੀ ਦੀ ਸਾਂਭ-ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਅਤੇ ਸਿੱਧੀ ਬਿਜਾਈ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕੇ.ਵੀ.ਕੇ ਦੇ ਫ਼ਾਰਮ ਵਿੱਚ ਵੀ ਵੱਖ-ਵੱਖ ਸਬਜ਼ੀਆਂ ਦੀਆਂ ਪ੍ਰਦਰਸ਼ਨੀਆਂ, ਸਬਜ਼ੀਆਂ ਦਾ ਬੀਜ ਉਤਪਾਦਨ ਅਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਾਉਣ ਲਈ ਪ੍ਰੇਰਿਆ। ਇਸ ਤੋਂ ਬਾਅਦ ਇੱਕ ਵਿਚਾਰ-ਵਟਾਂਦਰਾ ਸੈਸ਼ਨ ਹੋਇਆ, ਜਿੱਥੇ ਕੇ.ਵੀ.ਕੇ ਦੀ ਭਵਿੱਖੀ ਕਾਰਜ ਯੋਜਨਾ ਬਾਰੇ ਸਦਨ ਤੋਂ ਸੁਝਾਅ ਮੰਗੇ ਗਏ। ਡਾ. ਕਰਮਜੀਤ ਸ਼ਰਮਾ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਕਮੇਟੀ ਮੈਂਬਰਾਂ ਦੇ ਸਾਰੇ ਸੁਝਾਵਾਂ ਨੂੰ ਅਗਲੀ ਐਕਸ਼ਨ ਪਲਾਨ ਵਿੱਚ ਸ਼ਾਮਿਲ ਕੀਤਾ ਜਾਵੇਗਾ। ਮੀਟਿੰਗ ਵਿੱਚ ਪਹੁੰਚੇ ਹੋਏ ਸਾਰੇ ਮੈਂਬਰਾਂ ਨੂੰ ਕੇ.ਵੀ.ਕੇ ਵਿਖੇ ਵੱਖ-ਵੱਖ ਪ੍ਰਦਰਸ਼ਨੀ ਯੂਨਿਟ ਜਿਵੇਂ ਕਿ ਟੈਕਨਾਲੋਜੀ ਪਾਰਕ, ਖੋਜ ਖੇਤਰ, ਮਧੂ-ਮੱਖੀ ਪਾਲਣ ਯੂਨਿਟ, ਮਸ਼ਰੂਮ ਯੂਨਿਟ, ਪੋਲਟਰੀ ਯੂਨਿਟ, ਬੱਕਰੀ ਪਾਲਣ ਯੂਨਿਟ, ਪੌਲੀਹਾਊਸ, ਫ਼ਲ ਅਤੇ ਸਬਜ਼ੀਆਂ ਦੀ ਘਰੇਲੂ ਬਗੀਚੀ, ਹਰਬਲ ਗਾਰਡਨ ਅਤੇ ਅਜ਼ੋਲਾ ਆਦਿ ਦਾ ਦੌਰਾ ਵੀ ਕਰਵਾਇਆ।
Author : Malout Live