ਦੇਸ਼ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਕੇਸ ਰਿਪੋਰਟ ਹੋਣ ਕਾਰਨ ਸਿਹਤ ਵਿਭਾਗ ਨੇ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਕੀਤੀ ਅਪੀਲ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਦੇਸ਼ ਦੇ ਕਈ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਜੇ.ਐਨ-1 ਦੇ ਕੇਸ ਰਿਪੋਰਟ ਹੋ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਵਿੱਚ ਅਜੇ ਤੱਕ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਕੇਸ ਰਿਪੋਰਟ ਨਹੀਂ ਹੋਏ ਹਨ, ਪਰ ਸਾਨੂੰ ਕੋਰੋਨਾ ਤੋਂ ਬਚਾਅ ਲਈ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਸਾਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਇਕੱਠ ਵਾਲੀਆਂ ਥਾਂਵਾਂ ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਕੋਰੋਨਿਕ ਬਿਮਾਰੀਆਂ ਤੋਂ ਪੀੜ੍ਹਤ ਵਿਅਕਤੀਆਂ ਨੂੰ ਭੀੜ ਵਾਲੀਆਂ ਥਾਂਵਾਂ ਤੇ ਬਿਲਕੁਲ ਨਹੀਂ ਜਾਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਗੁਰੇਜ਼ ਕੀਤਾ ਜਾਵੇ। ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਨੂੰ ਮਰੀਜ਼ਾਂ ਦਾ ਚੈਕਅੱਪ ਕਰਦੇ ਸਮੇਂ ਮਾਸਕ ਪਾਉਣਾ ਜ਼ਰੂਰੀ ਹੈ ਅਤੇ ਜੇਕਰ ਕੋਈ ਵਿਅਕਤੀ ਹਸਪਤਾਲ ਵਿੱਚ ਆਪਣਾ ਚੈਕਅੱਪ ਕਰਵਾਉਣ ਲਈ ਆਉਂਦਾ ਹੈ ਤਾਂ ਉਸ ਨੂੰ ਵੀ ਮਾਸਕ ਜ਼ਰੂਰ ਪਾ ਕੇ ਆਉਣਾ ਚਾਹੀਦਾ ਹੈ। ਕਿਸੇ ਵੀ ਵਿਅਕਤੀ ਨੂੰ ਖਾਂਸੀ, ਜ਼ੁਕਾਮ ਜਾਂ ਬੁਖਾਰ ਹੋਵੇ ਤਾਂ ਤੁਰੰਤ ਕੋਵਿਡ-19 ਟੈਸਟ ਕਰਵਾਇਆ ਜਾਵੇ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ-19 ਦੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਰੋਨਾ ਦੇ ਹਲਕੇ ਲੱਛਣ ਵੀ ਮਹਿਸੂਸ ਹੋਣ ਜਾਂ ਕੋਈ ਵਿਅਕਤੀ ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਆਉਂਦਾ ਹੈ, ਪਰ ਉਸ ਵਿੱਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਵੀ ਹੁੰਦੇ ਤਾਂ ਵੀ ਸੰਬੰਧਿਤ ਵਿਅਕਤੀ ਟੈਸਟ ਜ਼ਰੂਰ ਕਰਵਾਏ ਤਾਂ ਜੋ ਸਹੀ ਸਮੇਂ ਤੇ ਸਥਿਤੀ ਸਪਸ਼ਟ ਹੋ ਸਕੇ। Author: Malout Live