ਗੁ. ਚਰਨ ਕਮਲ ਵਿਖੇ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਵੈਰਾਗਮਈ ਸ਼ਰਧਾ ਨਾਲ ਮਨਾਇਆ

ਮਲੋਟ:- ਸ਼ਹੀਦਾਂ ਦੇ ਸਿਰਤਾਜ, ਸਿੱਖ ਧਰਮ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਬਹੁਤ ਹੀ ਵੈਰਾਗਮਈ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪਹਿਲਾਂ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਤਿਹਾਸ ਬਾਰੇ ਦੱਸਿਆ ਗਿਆ। ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਚਮ ਪਾਤਸ਼ਾਹ ਸਿੱਖੀ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਪਹਿਲੇ ਸਿੱਖ ਗੁਰੂ ਹੋਏ ਹਨ। ਇਸੇ ਕਰਕੇ ਉਹਨਾਂ ਨੂੰ ਸ਼ਹੀਦਾਂ ਦੇ ਸਿਰਤਾਜ ਦਾ ਖਿਤਾਬ ਦਿੱਤਾ ਜਾਂਦਾ ਹੈ। ਪੰਚਮ ਪਿਤਾ ਤੋਂ ਲੈ ਕਿ ਹੁਣ ਤੱਕ ਵੱਖ-ਵੱਖ ਗੁਰੂ ਸਾਹਿਬ, ਸਾਹਿਬਜਾਦੇ ਅਤੇ ਅਨੇਕਾਂ ਸ਼ਹੀਦਾਂ ਨੇ ਸਿੱਖੀ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕੀਤਾ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਅਤੇ ਤਰਬੂਜ ਦੀ ਛਬੀਲ ਜੀ.ਟੀ ਰੋਡ ਦਾਨੇਵਾਲਾ ਵਿਖੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੇ ਪ੍ਰਧਾਨ ਬਲਕਰਨ ਸਿੰਘ, ਰਾਜਪਾਲ ਸਿੰਘ ਸਮੇਤ ਸਮੂਹ ਕਮੇਟੀ ਮੈਂਬਰ ਅਤੇ ਪਿੰਡ ਦਾਨੇਵਾਲਾ ਦੀ ਸੰਗਤ ਦੇ ਸਹਿਯੋਗ ਨਾਲ ਲਗਾਈ ਗਈ। ਗੁ. ਚਰਨ ਕਮਲ ਸਾਹਿਬ ਕਮੇਟੀ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ 4 ਤੋਂ 6 ਜੂਨ ਤੱਕ ਸਿੱਖ ਕੌਮ ਦੇ ਸ਼ਹੀਦਾਂ ਦੀ ਯਾਦ ਵਿਚ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਮੌਕੇ ਹਰ ਘਰ ਅੰਦਰ ਇਹਨਾਂ ਸ਼ਹੀਦਾਂ ਦੀਆਂ ਫਿਲਮਾਂ, ਫੋਟੋਆਂ ਤੇ ਕਿਤਾਬਾਂ ਰਾਹੀਂ ਇਤਿਹਾਸ ਜਾਣ ਕੇ ਨੌਜਵਾਨਾਂ ਅੰਦਰ ਸਿੱਖੀ ਪ੍ਰੇਮ ਨੂੰ ਹੋਰ ਗੂੜਾ ਜਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਹ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । Author : Malout Live