ਜਿਲ੍ਹਾ ਸਿਹਤ ਵਿਭਾਗ ਬਠਿੰਡਾ ਵੱਲੋਂ ਐੱਨ.ਐੱਮ ਟ੍ਰੇਨਿੰਗ ਸਕੂਲ ਵਿੱਚ ‘ਸਾਂਸ ਪ੍ਰੋਗਰਾਮ’ ਤਹਿਤ ਸਿਹਤ ਅਫ਼ਸਰਾਂ ਲਈ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ
ਮਲੋਟ (ਬਠਿੰਡਾ): ਡਾ. ਬਲਵੀਰ ਸਿੰਘ ਮਾਨਯੋਗ ਸਿਹਤ ਮੰਤਰੀ ਪੰਜਾਬ ਦੇ ਹੁਕਮਾਂ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਦੀ ਦੇਖ-ਰੇਖ ਵਿੱਚ ਡਾ. ਮੀਨਾਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਣ ਅਫ਼ਸਰ ਵੱਲੋਂ ਮੈਡੀਕਲ ਅਫਸਰਾਂ, ਕਮਿਊਨਿਟੀ ਹੈਲਥ ਅਫ਼ਸਰਾਂ, ਸਟਾਫ਼ ਨਰਸਾਂ ਅਤੇ ਐੱਲ.ਐੱਚ ਵੀਜ਼ ਨੂੰ ਜੀ.ਐੱਨ.ਐੱਮ ਟ੍ਰੇਨਿੰਗ ਸਕੂਲ ਬਠਿੰਡਾ ਵਿਖੇ ‘ਸਾਂਸ ਪ੍ਰੋਗਰਾਮ’ ਅਧੀਨ ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਪਛਾਣ ਕਰਕੇ ਤੁਰੰਤ ਇਲਾਜ਼ ਲਈ ਟ੍ਰੇਨਿੰਗ ਕਰਵਾਈ ਗਈ। ਡਾ. ਮੀਨਾਕਸ਼ੀ ਸਿੰਗਲਾ ਨੇ ‘ਸਾਂਸ ਪ੍ਰੋਗਰਾਮ’ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਵਿੱਚ ‘ਸਾਂਸ ਪ੍ਰੋਗਰਾਮ’ ਦਾ ਮੁੱਖ ਮੰਤਵ ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਪਛਾਣ ਕਰਕੇ ਪ੍ਰਭਾਵਿਤ ਬੱਚਿਆਂ ਦਾ ਜਲਦ ਇਲਾਜ਼ ਅਤੇ ਰੋਕਥਾਮ ਕਰਨਾ ਹੈ ਤਾਂ ਜੋ ਨਿਮੋਨੀਆ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਨਿਮੋਨੀਆ ਫੇਫੜਿਆਂ ਵਿੱਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਸੱਭ ਤੋਂ ਵੱਡਾ ਕਾਰਨ ਹੈ। ਇਸ ਲਈ ਬੱਚਿਆਂ ਵਿੱਚ ਨਿਮੋਨੀਆ ਦੇ ਲੱਛਣ ਹੋਣ ਤੇ ਘਰੇਲੂ ਇਲਾਜ਼ ਵਿੱਚ ਸਮਾਂ ਨਾ ਗਵਾ ਕੇ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾ ਵਿੱਚ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਨਿਮੋਨੀਆ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਖਾਂਸੀ ਅਤੇ ਜੁਕਾਮ ਦਾ ਵੱਧਣਾ, ਸਾਹ ਤੇਜੀ ਨਾਲ ਲੈਣਾ, ਸਾਹ ਲੈਣ ਸਮੇਂ ਪਸਲੀ ਚੱਲਣਾ ਜਾਂ ਛਾਤੀ ਦਾ ਥੱਲੇ ਧੱਸਣਾ ਤੇ ਗੰਭੀਰ ਲੱਛਣ ਜਿਵੇਂ ਬੱਚੇ ਦਾ ਖਾ-ਪੀ ਨਾ ਸਕਣਾ, ਸੁਸਤੀ ਜਾਂ ਨੀਂਦ ਜ਼ਿਆਦਾ ਆਉਣਾ ਆਦਿ ਵਾਲੇ ਬੱਚਿਆਂ ਦਾ ਤੁਰੰਤ ਇਲਾਜ਼ ਜ਼ਰੂਰੀ ਹੈ। ਇਸ ਟ੍ਰੇਨਿੰਗ ਦੌਰਾਨ ਡਾ. ਰਾਕੇਸ਼, ਡਾ. ਹੇਅਰ, ਡਾ. ਮੋਨਿਕਾ, ਵਿਨੋਦ ਖੁਰਾਣਾ, ਸਾਹਿਲ ਪੁਰੀ ਅਦਿ ਹਾਜ਼ਿਰ ਸਨ। Author: Malout Live