ਬਲਾਕ ਲੰਬੀ ਦੇ ਪਿੰਡ ਕੰਦੂਖੇੜਾ ਵਿਖੇ ਪਹੁੰਚੀ ਹਰ ਘਰ ਦਸਤਕ ਜਾਗਰੂਕਤਾ ਵੈਨ

ਮਲੋਟ:- ਪੰਜਾਬ ਸਰਕਾਰ ਵੱਲੋਂ ਰਾਜ ਵਿਚ ਕੋਵਿਡ ਟੀਕਾਕਰਣ ਨੂੰ 100 ਪ੍ਰਤੀਸ਼ਤ ਯਕੀਨੀ ਬਨਾਉਣ ਲਈ ”ਹਰ ਘਰ ਦਸਤਕ” ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸਦੇ ਤਹਿਤ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਜਾਗਰੂਕਤਾ ਵੈਨਾਂ ਉਪਲੱਬਧ ਕਰਵਾਈਆਂ ਗਈਆਂ ਹਨ। ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਨਿਰਦੇਸ਼ਾਂ ਅਨੁਸਾਰ ਅਤੇ ਸੀ.ਐੱਚ.ਸੀ ਲੰਬੀ ਦੇ ਐੱਸ.ਐਮ.ਓ ਡਾ.ਰਮੇਸ਼ ਕੁਮਾਰੀ ਦੀ ਅਗੁਵਾਈ ਹੇਠ ਪਿੰਡਾਂ ਵਿੱਚ ਕੋਰੋਨਾ ਟੀਕਾਕਰਣ ਨੂੰ 100 ਪ੍ਰਤੀਸ਼ਤ ਯਕੀਨੀ ਬਨਾਉਣ ਲਈ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਪਿੰਡ ਕੰਦੂਖੇੜਾ ਵਿਖੇ ਵੈਨ ਦਾ ਦੌਰਾ ਕਰਵਾਇਆ ਗਿਆ।

ਇਸ ਦੌਰਾਨ ਜਾਣਕਾਰੀ ਦਿੰਦਿਆ ਐੱਸ.ਐੱਮ.ਓ ਡਾ.ਰਮੇਸ਼ ਕੁਮਾਰੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਹੈ ਕਿ ਕੋਈ ਵੀ ਲਾਭਪਾਤਰੀ ਵੈਕਸੀਨ ਲਗਵਾਉਣ ਤੋਂ ਵਾਂਝਾ ਨਾ ਰਹੇ। ਉਹਨਾਂ ਕਿਹਾ ਕਿ ਮੁਹਿੰਮ ਤਹਿਤ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕਾਂ ਦੀਆਂ ਲਿਸਟਾਂ ਤਿਆਰ ਕਰ ਰਹੀਆਂ ਹਨ ਅਤੇ ਉਹਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਟੀਕਾਕਰਣ ਕਰਵਾਉਣ ਲਈ ਟੀਕਾਕਰਣ ਕੇਂਦਰ ਤੇ ਲੈ ਕੇ ਆਉਂਦੀਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਦਾ ਪੂਰਨ ਸਹਿਯੋਗ ਦੇਣ ਅਤੇ ਜਿਨ੍ਹਾਂ ਲੋਕਾਂ ਨੇ ਅੱਜ ਤੱਕ ਕੋਰੋਨਾ ਟੀਕਾਕਰਣ ਨਹੀਂ ਕਰਵਾਇਆ ਜਾਂ ਜਿਨ੍ਹਾਂ ਦੀ ਦੂਜੀ ਖੁਰਾਕ ਪੈਂਡਿੰਗ ਹੈ ਤਾਂ ਉਹ ਇਸ ਮੁਹਿੰਮ ਅਧੀਨ ਆਪਣਾ ਟੀਕਾਕਰਣ ਜਰੂਰ ਕਰਵਾਉਣ ਤਾਂ ਜੋ ਅਸੀ ਆਪਣੇ ਸਮਾਜ ਨੂੰ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਤੋਂ ਬਚਾਅ ਸਕੀਏ। ਇਸ ਮੁਹਿੰਮ ਵਿੱਚ ਮਲਟੀਪਰਪਜ਼ ਹੈਲਥ ਵਰਕਰ ਤੇ ਆਸ਼ਾ ਵਰਕਰਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ।