ਵਿਜੀਲੈਂਸ ਬਿਊਰੋ, ਹੁਸ਼ਿਆਰਪੁਰ ਦੀ ਧੱਕੇਸ਼ਾਹੀ ਖ਼ਿਲਾਫ਼ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਡੀ.ਸੀ ਦਫਤਰ ਕਾਮਿਆਂ ਵੱਲੋਂ ਅੱਜ ਤੋਂ ਡਿਊਟੀਆਂ ਦਾ ਬਾਈਕਾਟ
ਮਲੋਟ:- ਪੰਜਾਬ ਰਾਜ ਜ਼ਿਲ੍ਹਾ (ਡੀ.ਸੀ) ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਸੂਬਾਈ ਲੀਡਰਸ਼ਿਪ ਅਤੇ ਜ਼ਿਲ੍ਹਿਆਂ ਦੀ ਲੀਡਰਸ਼ਿਪ ਤੋਂ ਆਨਲਾਈਨ ਰਾਏ ਲੈਣ ਤੋਂ ਬਾਅਦ ਹੁਸ਼ਿਆਰਪੁਰ ਵਿਖੇ ਮਾਹਿਲਪੁਰ ਦੇ ਰਜਿਸਟਰੀ ਕਲਰਕ ਮਨਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਖ਼ਿਲਾਫ਼ ਬਿਨਾਂ ਕੋਈ ਬਰਾਮਦਗੀ ਅਤੇ ਨਿਰ-ਆਧਾਰ ਸ਼ਿਕਾਇਤ ਦੇ ਆਧਾਰ ਤੇ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਵਿਰੁੱਧ ਅੱਜ ਤੋਂ ਸਵੇਰੇ ਹਾਜ਼ਰੀ ਲਾਉਣ ਉਪਰੰਤ ਡਿਊਟੀਆਂ ਦਾ ਬਾਈਕਾਟ ਕਰਨ ਅਤੇ ਵਿਜੀਲੈਂਸ ਬਿਊਰੋ ਖ਼ਿਲਾਫ਼ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਰੋਸ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਸੰਬੰਧੀ ਵਰਿੰਦਰ ਢੋਸੀਵਾਲ ਪ੍ਰਧਾਨ ਡੀ.ਸੀ ਦਫਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਸ਼ਿਕਾਇਤ ਵਿਚ ਪ੍ਰਾਈਵੇਟ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਬਿਨਾਂ ਕੋਈ ਬਰਾਮਦਗੀ ਸੰਦੀਪ ਕੁਮਾਰ ਨਾਇਬ ਤਹਿਸੀਲਦਾਰ ਅਤੇ ਮਨਜੀਤ ਸਿੰਘ ਰਜਿਸਟਰੀ ਕਲਰਕ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਆਪਣੇ ਟਾਰਗੇਟ ਪੂਰੇ ਕਰਨ ਦੇ ਮਨਸੂਬੇ ਨਾਲ ਧੱਕੇਸ਼ਾਹੀ ਵਰਤਦਿਆਂ ਪਰਚਾ ਦਰਜ ਕੀਤਾ ਗਿਆ ਅਤੇ ਗ੍ਰਿਫ਼ਤਾਰੀ ਪਾਈ ਗਈ। ਜਿਸ ਕਾਰਨ ਸੂਬੇ ਭਰ ਦੇ ਡੀ.ਸੀ ਦਫ਼ਤਰ ਕਾਮਿਆਂ ਵਿੱਚ ਰੋਸ ਦੀ ਲਹਿਰ ਫੈਲ ਗਈ। ਜਿਸ ਉਪਰੰਤ ਅੱਜ ਸਵੇਰੇ ਸਮੁੱਚੇ ਪੰਜਾਬ ਵਿੱਚ ਡੀ.ਸੀ ਦਫ਼ਤਰਾਂ ਅਤੇ ਤਹਿਸੀਲਾਂ ਵਿੱਚ ਕੰਮ ਕਰਦੇ ਸਮੂਹ ਦਫਤਰੀ ਕਾਮੇ ਹਾਜ਼ਰੀ ਲਾਉਣ ਉਪਰੰਤ ਵਿਜੀਲੈਂਸ ਬਿਊਰੋ, ਹੁਸ਼ਿਆਰਪੁਰ ਦੀ ਕਾਰਵਾਈ ਖਿਲਾਫ਼ ਸਰਕਾਰੀ ਡਿਊਟੀ ਦਾ ਬਾਈਕਾਟ ਕਰਕੇ ਸਵੇਰੇ 10:00 ਵਜੇ ਆਪਣੇ ਆਪਣੇ ਦਫਤਰਾਂ ਸਾਹਮਣੇ ਰੋਸ ਮੁਜ਼ਾਹਰੇ ਕਰਨਗੇ ਅਤੇ ਆਪਣੀਆਂ ਸੀਟਾਂ ਤੇ ਨਹੀਂ ਬੈਠਣਗੇ। ਜਿਸ ਵਿੱਚ ਸਮੂਹਿਕ ਛੁੱਟੀ ਲੈ ਕੇ ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਖ਼ਿਲਾਫ਼ ਸੂਬਾ ਪੱਧਰੀ ਰੈਲੀ ਕਰਕੇ ਦਫਤਰ ਦਾ ਘਿਰਾਉ ਕਰਨ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਲਈ ਜਿੰਨੀ ਦੇਰ ਤਕ ਇਹ ਪਰਚਾ ਰੱਦ ਨਹੀਂ ਕੀਤਾ ਜਾਂਦਾ। ਓਨੀ ਦੇਰ ਤਕ ਸੰਘਰਸ਼ ਜਾਰੀ ਰੱਖਣ ਬਾਰੇ ਵੀ ਫ਼ੈਸਲਾ ਲਿਆ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਹਰਜਿੰਦਰ ਸਿੰਘ ਜਨਰਲ ਸਕੱਤਰ, ਸੁਰਿੰਦਰ ਕੁਮਾਰ ਪੀ.ਏ, ਜੋਗਿੰਦਰ ਸਿੰਘ ਸੁਪਰਡੈਂਟ ਅਤੇ ਸਮੂਹ ਡੀ.ਸੀ ਦਫ਼ਤਰ ਮੁਲਾਜਮ ਹਾਜਿਰ ਸਨ।