ਮਾਪਿਆਂ ਦੁਆਰਾ ਬੱਚਿਆਂ ਤੇ ਨੰਬਰਬਾਜੀ ਦਾ ਦਬਾਅ ਨਾ ਬਣਾਇਆ ਜਾਵੇ- ਪ੍ਰਿੰਸੀਪਲ ਪ੍ਰੋਫੈਸਰ (ਡਾ.) ਬਲਜੀਤ ਗਿੱਲ
ਸਮਾਜਿਕ ਮਾਮਲਿਆਂ ਤੇ ਆਪਣੀ ਨਿਰਪੱਖ ਰਾਇ ਦੇਣ ਵਾਲੇ ਪ੍ਰੋਫ਼ੈਸਰ ਬਲਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਇਮਤਿਹਾਨ ਦੇ ਦਿਨਾਂ ਵਿੱਚ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਤੇ ਵੱਧ ਨੰਬਰ ਲਿਆਉਣ ਦਾ ਦਬਾਅ ਪਾ ਕੇ ਉਨਾਂ ਦੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਨੂੰ ਨਸ਼ਟ ਨਹੀਂ ਕਰਨਾ ਚਾਹੀਦਾ। ਨੰਬਰਾਂ ਦੀ ਖੇਡ ਭਾਰਤ ਵਿੱਚ ਬੱਚਿਆਂ ਦੀ ਬੌਧਿਕਤਾ ਨੂੰ ਉਚਾਈ ਦੀ ਥਾਂ ਨਿਵਾਣ ਵੱਲ ਧਕੇਲਦੀ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਮਾਜਿਕ ਮਾਮਲਿਆਂ ਤੇ ਆਪਣੀ ਨਿਰਪੱਖ ਰਾਇ ਦੇਣ ਵਾਲੇ ਪ੍ਰੋਫ਼ੈਸਰ ਬਲਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਇਮਤਿਹਾਨ ਦੇ ਦਿਨਾਂ ਵਿੱਚ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਤੇ ਵੱਧ ਨੰਬਰ ਲਿਆਉਣ ਦਾ ਦਬਾਅ ਪਾ ਕੇ ਉਨਾਂ ਦੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਨੂੰ ਨਸ਼ਟ ਨਹੀਂ ਕਰਨਾ ਚਾਹੀਦਾ। ਨੰਬਰਾਂ ਦੀ ਖੇਡ ਭਾਰਤ ਵਿੱਚ ਬੱਚਿਆਂ ਦੀ ਬੌਧਿਕਤਾ ਨੂੰ ਉਚਾਈ ਦੀ ਥਾਂ ਨਿਵਾਣ ਵੱਲ ਧਕੇਲਦੀ ਹੈ। ਅੱਜ ਤੱਕ ਦੇ ਸਰਵੇਖਣ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਦਰਮਿਆਨੇ ਤੋਂ ਹੁਸ਼ਿਆਰ (55% ਤੋਂ 70%ਵਾਲੇ) ਵਿਦਿਆਰਥੀਆਂ ਨੇ ਭਾਰਤ ਤੇ ਪਰਿਵਾਰ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਹੈ। ਛੋਟੀਆਂ ਕਲਾਸਾਂ ਦੇ ਬੱਚਿਆਂ ਉੱਪਰ ਵੱਧ ਨੰਬਰਾਂ ਦਾ ਦਬਾਅ ਉਹਨਾਂ ਨੂੰ ਖਾਣ-ਪੀਣ, ਖੇਡ ਤੇ ਨੀਂਦ ਲੈਣ ਵਿੱਚ ਵੱਡੀ ਰੁਕਾਵਟ ਬਣਦਾ ਹੈ। ਜਦੋਂ ਦੀ ਪ੍ਰਾਈਵੇਟ ਸਿੱਖਿਆ ਆਈ ਹੈ ਉਦੋਂ ਤੋਂ ਹੀ ਵੱਧ ਨੰਬਰ ਲੈਣ ਦਾ ਦੌਰ ਸ਼ੁਰੂ ਹੋਇਆ ਹੈ।
ਅੱਜ ਤੋਂ 30-35 ਸਾਲ ਪਹਿਲਾਂ 60% ਲੈਣ ਵਾਲਾ ਵਿਦਿਆਰਥੀ ਮੈਰਿਟ ਵਿੱਚ ਆ ਜਾਂਦਾ ਸੀ ਪਰ ਅੱਜ 95%+ ਵਾਲਾ ਆਉਂਦਾ ਹੈ। ਪਰ ਵੱਧ ਨੰਬਰ ਲੈਣ ਕਰਕੇ ਵੀ ਅੱਜ ਸਮਾਜ ਵਿੱਚ ਬੌਧਿਕ-ਕੰਗਾਲੀ ਛਾਈ ਹੋਈ ਹੈ ਤੇ ਕਦਰਾਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਹੈ। ਪ੍ਰਾਈਵੇਟ ਸਕੂਲਾਂ/ ਕਾਲਜਾਂ ਵਾਲੇ ਬੱਚਿਆਂ ਨੂੰ ਪੇਪਰਾਂ ਤੇ ਅਸੈਸਮੈਂਟ ਵਿੱਚ ਵੱਧ ਤੋਂ ਵੱਧ ਨੰਬਰ ਲਾ ਕੇ ਆਪਣੇ ਸਕੂਲ/ ਕਾਲਜ ਦੀ ਮਸ਼ਹੂਰੀ ਕਰਨਾ ਚਾਹੁੰਦੇ ਹਨ। ਵੱਧ ਨੰਬਰਾਂ ਦੀ ਖੇਡ ਨਾਲੋਂ ਬੱਚਿਆਂ ਨੂੰ ਲੰਮਾ ਸਮਾਂ (sitting capacity) ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਕਿ ਅਸਲ ਗਿਆਨ ਦੀ ਪ੍ਰਾਪਤੀ ਹੋ ਸਕੇ, ਨਾ ਕਿ ਰੱਟਾ ਸਿਸਟਮ ਨਾਲ ਵੱਧ ਨੰਬਰ ਲੈਣ ਦੀ। ਮਾਪਿਆਂ ਨੂੰ ਆਪਣੇ ਬੱਚਿਆਂ ਦੀ ਤੁਲਨਾ ਦੂਜੇ ਬੱਚਿਆਂ ਦੇ ਨਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਪਰਮਾਤਮਾ ਨੇ ਹਰ ਇੱਕ ਇਨਸਾਨ ਵਿੱਚ ਅਲੱਗ-ਅਲੱਗ ਬੁੱਧੀ ਤੇ ਤਰਕ-ਸ਼ਕਤੀ ਪਾਈ ਹੈ। ਹਰ ਬੱਚੇ ਨੂੰ ਗਰਾਊਂਡ ਵਿੱਚ ਭੇਜਣਾ ਜਰੂਰੀ ਹੈ ਕਿਉਂਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਕਿਤਾਬਾਂ ਵਿੱਚ ਨਹੀਂ ਪਾਈਆਂ ਜਾਂਦੀਆਂ, ਸਿਰਫ਼ ਤੇ ਸਿਰਫ਼ ਗਰਾਊਂਡਾਂ ਵਿੱਚੋਂ ਮਿਲਦੀਆਂ ਹਨ।
Author : Malout Live