ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਹਲਕੇ 'ਚ 12.5 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਸੜਕਾਂ ਦੇ ਰੱਖੇ ਨੀਂਹ ਪੱਥਰ

ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਤਕਰੀਬਨ 12.5 ਕਰੋੜ ਦੀ ਲਾਗਤ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ। ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਛੇ ਵੱਖ-ਵੱਖ ਪਿੰਡਾਂ ਦੀਆਂ 83 ਕਿਲੋਮੀਟਰ ਲੰਬੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਲੋੜੀਂਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਮਲੋਟ : ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਤਕਰੀਬਨ 12.5 ਕਰੋੜ ਦੀ ਲਾਗਤ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ। ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਛੇ ਵੱਖ-ਵੱਖ ਪਿੰਡਾਂ ਦੀਆਂ 83 ਕਿਲੋਮੀਟਰ ਲੰਬੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਲੋੜੀਂਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਦੇ ਨਿਵਾਸੀਆਂ ਦੀਆਂ ਜ਼ਰੂਰਤਾਂ ਤੋਂ ਭਲੀ ਭਾਂਤ ਜਾਣੂੰ ਹੈ ਅਤੇ ਸਰਕਾਰ ਬਣਾਉਣ ਦੇ ਪਹਿਲੇ ਦਿਨ ਤੋਂ ਸੂਬੇ ਦੇ ਹਰ ਹਿੱਸੇ ਵਿੱਚ ਵਿਕਾਸ ਕਾਰਜ ਪੂਰੇ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮਲੋਟ ਅਧੀਨ ਆਉਂਦੇ ਹਰ ਖੇਤਰ ਦੀ ਦਿੱਖ ਨੂੰ ਸੰਵਾਰਨ ਅਤੇ ਇਥੇ ਵਸਦੇ ਨਾਗਰਿਕਾਂ ਦੀ ਹਰ ਜ਼ਰੂਰਤ ਨੂੰ ਤਰਜੀਹ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਸੜਕਾਂ ਨੂੰ ਲੋਕਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪਿੰਡ ਅਬੁਲਖੁਰਾਣਾ ਵਿਖੇ ਅਬੁੱਲਖੁਰਾਣਾ ਤੋਂ ਡੱਬਵਾਲੀ ਮਲਕੋਕੀ, ਅਬੁੱਲਖੁਰਾਣਾ ਤੋਂ ਢਾਣੀ ਬਲਵੰਤ ਸਿੰਘ, ਅਬੁੱਲਖੁਰਾਣਾ ਖਰੀਦ ਕੇਂਦਰ ਤੋਂ ਵਾਟਰ ਵਰਕਸ ਤੱਕ ਅਤੇ ਅਬੁੱਲਖੁਰਾਣਾ ਤੋਂ ਛਾਪਿਆਂਵਾਲੀ ਤੱਕ 2.87 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸੇ ਤਰ੍ਹਾਂ ਪਿੰਡ ਔਲਖ ਵਿਖੇ ਔਲਖ ਤੋਂ ਝੋਰੜ ਤੋਂ ਖਾਨੇ ਕੀ ਢਾਬ, ਔਲਖ ਤੋਂ ਰਾਮਨਗਰ, ਢਾਣੀ ਸੁੱਚਾ ਸਿੰਘ ਤੋਂ ਫਾਜ਼ਿਲਕਾ ਰੋਡ, ਗੁਰੂਦੁਆਰਾ ਸਾਹਿਬ ਤੋਂ ਰਸਤਾ ਭੁਲੇਰੀਆਂ ਅਤੇ ਗੁਰੂਦੁਆਰਾ ਸਾਹਿਬ ਤਰਖਾਣ ਵਾਲਾ ਤੋਂ ਮੰਦਰ ਰਸਤਾ ਤਰਖਾਣ ਵਾਲਾ ਤੱਕ 3.43 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਕੈਬਨਿਟ ਮੰਤਰੀ ਨੇ ਰੁਪਾਣਾ ਪਿੰਡ ਵਿਖੇ ਰੁਪਾਣਾ ਤੋਂ ਧਿਗਾਣਾ, ਧਿਗਾਣਾ ਤੋਂ ਦਬੜਾ, ਦਬੜਾ ਤੋਂ ਤਾਮਕੋਟ, ਤਾਮਕੋਟ ਤੋਂ ਚੱਕ ਤਾਮਕੋਟ, ਮਹਾਂਬੱਧਰ ਤੋਂ ਰੁਪਾਣਾ ਸਮੇਤ ਫਿਰਨੀ, ਢਾਣੀ ਕਰਤਾਰ ਸਿੰਘ, ਲਾਲ ਸਿੰਘ ਤੋਂ ਰੁਪਾਣਾ, ਢਾਣੀ ਟਿੱਬਿਆਂਵਾਲੀ ਤੋਂ ਮੁਕਤਸਰ-ਅਬੋਹਰ ਰੋਡ (ਪਿੰਡ ਮਹਾਂਬੱਧਰ), ਮਹਿਰਾਜਵਾਲਾ ਤੋਂ ਫੂਲੇਵਾਲਾ ਅਤੇ ਤਾਮਕੋਟ ਤੋਂ ਸਾਉਂਕੇ ਐਮ.ਸੀ. ਲਿਮਟ ਤੱਕ 3.51 ਕਰੋੜ ਰੁਪਏ ਦੇ ਲਾਗਤ ਨਾਲ ਬਣਨ ਜਾ ਰਹੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਿਰਧਾਰਿਤ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਤਾਂ ਜੋ ਲੋਕਾਂ ਨੂੰ ਸੜਕਾਂ ਨਾਲ ਸੰਬੰਧਿਤ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Author : Malout Live