ਨਵੀਂ ਖੋਜ 'ਚ ਹੈਰਾਨੀਜਨਕ ਖੁਲਾਸਾ: ਘਰ 'ਚ ਲੱਗੇ 10 ਰੁੱਖ ਤਾਂ ਇੰਨੀ ਵੱਧ ਜਾਵੇਗੀ ਉਮਰ
ਇੱਕ ਰੁੱਖ 100 ਸੁੱਖ, ਇਹ ਅਖਾਣ ਦਰੱਖ਼ਤਾਂ ਤੋਂ ਮਨੁੱਖਾਂ ਨੂੰ ਫ਼ਾਇਦਿਆਂ ਲਈ ਅਕਸਰ ਪੁਕਾਰਿਆ ਜਾਂਦਾ ਹੈ ਪਰ ਹੁਣ ਰੁੱਖਾਂ ਦਾ ਅਜਿਹਾ ਫਾਇਦਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਹਰ ਕੋਈ ਵੱਧ ਤੋਂ ਵੱਧ ਰੁੱਖ ਲਾਉਣ ਬਾਰੇ ਸੋਚੇਗਾ। ਜੀ ਹਾਂ, ਤਾਜ਼ਾ ਖੋਜ ਵਿੱਚ ਪਤਾ ਲੱਗਾ ਹੈ ਕਿ ਜੇਕਰ ਤੁਹਾਡੇ ਘਰੇ ਘੱਟੋ ਘੱਟ 10 ਦਰੱਖ਼ਤ ਹਨ ਤਾਂ ਤੁਹਾਡੀ ਉਮਰ ਸੱਤ ਸਾਲ ਤਕ ਵੱਧ ਸਕਦੀ ਹੈ।
ਕੈਨੇਡਾ ਦੇ ਖੋਜ ਰਸਾਲੇ ਸਾਇੰਟੀਫਿਕ ਰਿਪੋਰਟਸ ਮੁਤਾਬਕ ਜੇਕਰ ਘਰ ਦੇ ਲਾਗੇ 10 ਦਰੱਖ਼ਤ ਹਨ ਤਾਂ ਤੁਹਾਡੀ ਉਮਰ ਸੱਤ ਸਾਲ ਤਕ ਲੰਮੀ ਹੋ ਸਕਦੀ ਹੈ। ਦਰੱਖ਼ਤਾਂ ਦੇ ਘਰ ਨੇੜੇ ਹੋਣ ਕਾਰਨ ਘਰ ਦੇ ਜੀਆਂ, ਖ਼ਾਸ ਕਰਕੇ ਬਜ਼ੁਰਗਾਂ ਨੂੰ ਨੀਂਦ ਵੀ ਵਧੀਆ ਆਉਂਦੀ ਹੈ।
ਰਸਾਲੇ ਵਿੱਚ ਛਪੀ ਖੋਜ ਮੁਤਾਬਕ ਇੱਕ ਦਰੱਖ਼ਤ ਸਾਲਾਨਾ 20 ਕਿੱਲੋ ਦੇ ਕਰੀਬ ਧੂੜ ਨੂੰ ਜਜ਼ਬ ਕਰਦਾ ਹੈ ਤੇ 700 ਕਿੱਲੋ ਆਕਸੀਜਨ ਛੱਡਦਾ ਹੈ। ਹਰ ਸਾਲ ਦਰੱਖ਼ਤ 20 ਟਨ ਕਾਰਬਨ ਡਾਈਆਕਸਾਈਡ ਨੂੰ ਸੋਕ ਲੈਂਦਾ ਹੈ। ਇਸ ਦੇ ਨਾਲ ਹੀ ਦਰੱਖ਼ਤ 80 ਕਿੱਲੋ ਤਕ ਪਾਰਾ, ਲੀਥੀਅਮ, ਸਿੱਕਾ ਆਦਿ ਭਾਰੀ ਤੇ ਜ਼ਹਿਰੀਲੀਆਂ ਧਾਤਾਂ ਦੇ ਮਿਸ਼ਰਣ ਨੂੰ ਵੀ ਜਜ਼ਬ ਕਰਨ ਦੀ ਸਮਰੱਥਾ ਰੱਖਦਾ ਹੈ। ਗਰਮੀਆਂ ਵਿੱਚ ਦਰੱਖ਼ਤਾਂ ਹੇਠ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਤਕ ਘੱਟ ਰਹਿੰਦਾ ਹੈ।
ਇੱਕ ਦਰੱਖ਼ਤ ਹਰ ਸਾਲ ਇੱਕ ਲੱਖ ਵਰਗ ਮੀਟਰ ਪ੍ਰਦੂਸ਼ਿਤ ਹਵਾ ਨੂੰ ਛਾਣ ਦਿੰਦਾ ਹੈ। ਘਰ ਦੇ ਨੇੜੇ ਲੱਗੇ ਦਰੱਖ਼ਤ ਸ਼ੋਰ ਰੋਧਕ (Acoustic Wall) ਵਾਂਗਰ ਕੰਮ ਕਰਦੇ ਹਨ, ਜੋ ਰੌਲੇ-ਰੱਪੇ ਨੂੰ ਵੀ ਜਜ਼ਬ ਕਰ ਲੈਂਦੇ ਹਨ। ਦਰੱਖ਼ਤਾਂ ਦੇ ਇੰਨੇ ਸੁੱਖ ਜਾਣ ਕੋਈ ਵੀ ਬੂਟੇ ਲਾਉਣ ਲਈ ਤਿਆਰ ਹੋ ਜਾਵੇਗਾ। 'ABP ਸਾਂਝਾ' ਵੀ ਤੁਹਾਨੂੰ ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆ ਰੱਖਣ ਤੇ ਵੱਧ ਤੋਂ ਵੱਧ ਦਰੱਖ਼ਤ ਲਾਉਣ ਦੀ ਅਪੀਲ ਕਰਦਾ ਹੈ।