ਬੀੜੀ ਪੀਣ ਨਾਲ ਦੇਸ਼ ਨੂੰ ਹਰ ਸਾਲ 80 ਹਜ਼ਾਰ ਕਰੋੜ ਦਾ ਨੁਕਸਾਨ
ਬੀੜੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਤੇ ਸਮੇਂ ਤੋਂ ਪਹਿਲਾਂ ਮੌਤ ਹੋਣ ਨਾਲ ਭਾਰਤ ਨੂੰ ਸਾਲਾਨਾ 80 ਕਰੋੜ ਰੁਪਏ ਦਾ ਹਰਜ਼ਾਨਾ ਭੁਗਤਣਾ ਪੈਂਦਾ ਹੈ। ਇਹ ਰਕਮ ਦੇਸ਼ ਵਿੱਚ ਸਿਹਤ ’ਤੇ ਖ਼ਰਚ ਹੋਣ ਵਾਲੀ ਕੁੱਲ ਲਾਗਤ ਦਾ ਦੋ ਫੀਸਦੀ ਹੈ। ਇੱਕ ਖੋਜ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਸ ਵਿੱਚ ਸਿੱਧੇ ਤੌਰ ’ਤੇ ਬਿਮਾਰੀ ਦੀ ਜਾਂਚ, ਦਵਾਈ, ਡਾਕਟਰਾਂ ਦੀ ਫੀਸ, ਹਸਪਤਾਲ ਵਿੱਚ ਦਾਖ਼ਲ ਹੋਣਾ ਤੇ ਟਰਾਂਸਪੋਰਟ ’ਤੇ ਖ਼ਰਚ ਹੋਣ ਵਾਲੀ ਰਕਮ ਸ਼ਾਮਲ ਹੈ। ਇਹ ਖੋਜ ਟੋਬੈਕੋ ਕੰਟਰੋਲ ਨਾਂ ਦੇ ਜਰਨਲ ਵਿੱਚ ਛਪੀ ਹੈ।
ਸਿਹਤ ਸੇਵਾ ਖਰਚ 'ਤੇ ਨੈਸ਼ਨਲ ਨਮੂਨਾ ਸਰਵੇਖਣ ਦੇ ਅੰਕੜੇ, ਗਲੋਬਲ ਐਡਲਟ ਟੋਬੈਕੋ ਸਰਵੇਖਣ ਤੋਂ ਬੀੜੀ ਪੀਣ ਨਾਲ ਸਬੰਧਤ ਅੰਕੜਿਆਂ ’ਤੇ ਆਧਾਰਤ ਇਹ ਰਿਪੋਰਟ ਸਾਲ 2017 ਦੀ ਹੈ। ਖੋਜ ਦੇ ਅਨੁਸਾਰ ਬੀੜੀ ਨਾਲ 2016-17 ਵਿੱਚ 4.17 ਅਰਬ ਰੁਪਏ ਦਾ ਮਾਲੀਆ ਹਾਸਲ ਹੋਇਆ। ਰਿਪੋਰਟ ਦੇ ਲੇਖਕ ਤੇ ਕੇਰਲ ਦੇ ਕੋਚੀ ਸਥਿਤ ਜਨਤਕ ਪਾਲਸੀ ਖੋਜ ਕੇਂਦਰ ਦੇ ਰਿਜੋ ਐਮ ਜੌਨ ਨੇ ਕਿਹਾ ਕਿ ਭਾਰਤ ਵਿੱਚ ਪੰਜ ਵਿੱਚੋਂ ਕਰੀਬ ਇੱਕ ਪਰਿਵਾਰ ਨੂੰ ਇਸ ਖਰਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਮ ਜੌਨ ਨੇ ਕਿਹਾ ਕਿਹਾ ਕਿ ਸਿਗਰਟਨੋਸ਼ੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕ ਗਰੀਬ ਵੀ ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਤੰਬਾਕੂ ਤੇ ਉਸ ਨਾਲ ਸਰੀਰ ਵਿੱਚ ਹੋਣ ਵਾਲੇ ਨੁਕਸਾਨ ’ਤੇ ਹੋ ਰਹੇ ਖ਼ਰਚ ਕਾਰਨ ਤਕਰੀਬਨ 15 ਕਰੋੜ ਲੋਕ ਗਰੀਬੀ ਹਾਲਾਤਾਂ ਵਿੱਚੋਂ ਲੰਘ ਰਹੇ ਹਨ। ਤੰਬਾਕੂ ਉੱਤੇ ਹੋਣ ਵਾਲੇ ਖਰਚੇ ਕਾਰਨ ਭਾਰਤ ਵਿੱਚ ਖਾਸ ਕਰਕੇ ਗਰੀਬ ਲੋਕ ਖਾਣੇ ਤੇ ਸਿੱਖਿਆ ਵੱਲ ਧਿਆਨ ਨਹੀਂ ਦੇ ਪਾਉਂਦੇ। ਭਾਰਤ ਵਿੱਚ ਬੀੜੀ ਬਹੁਤ ਪ੍ਰਚਲਿਤ ਹੈ, ਜਿਸ ਵਿੱਚ ਲਗਪਗ 80 ਫੀਸਦੀ ਤੰਬਾਕੂ ਹੁੰਦਾ ਹੈ। ਇਸ ਜ਼ਰੀਏ ਲੋਕ ਤੰਬਾਕੂ ਦਾ ਸੇਵਨ ਕਰ ਰਹੇ ਹਨ। ਨਿਯਮਤ ਤੌਰ 'ਤੇ ਵੇਖਿਆ ਜਾਏ ਤਾਂ ਬੀੜੀ ਪੀਣ ਵਾਲੇ 15 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 7.2 ਕਰੋੜ ਹੈ।