ਕੋਵਿਡ-19 ਮਹਾਂਮਾਰੀ ਕਾਰਨ ਹੋਈ ਮੌਤ ਕਰਕੇ ਪਰਿਵਾਰਾਂ ਨੂੰ ਐਕਸ ਗ੍ਰੇਸ਼ੀਆ ਰਾਸ਼ੀ ਪਹੁੰਚਾਉਣ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੀਤੀ ਜਾ ਰਹੀ ਮੱਦਦ

ਮਲੋਟ:- ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸੰਬੰਧਿਤ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਹੋਏ ਹਨ ਕਿ ਕੋਵਿਡ-19 ਮਹਾਂਮਾਰੀ ਕਾਰਨ ਹੋਈ ਮੌਤ ਕਰਕੇ ਪਰਿਵਾਰਾਂ ਨੂੰ ਐਕਸ ਗ੍ਰੇਸ਼ੀਆ ਰਾਸ਼ੀ ਜਲਦ ਤੋਂ ਜਲਦ ਮੁਹੱਈਆ ਕਰਵਾਈ ਜਾਵੇ। ਇਸ ਦੇ ਤਹਿਤ ਸੀ.ਜੇ.ਐੱਮ-ਸਹਿਤ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮਿਸ. ਅਮਨ ਸ਼ਰਮਾ ਨੇ ਦੱਸਿਆ ਕਿ ਅਥਾਰਟੀ ਵੱਲੋਂ ਜਿਲਾ ਸ਼੍ਰੀ ਮੁਕਤਸਰ ਸਾਹਿਬ ਅਤੇ ਸਬ-ਡਿਵੀਜਨਾਂ ਵਿੱਚ ਉਹਨਾਂ ਵਿਅਕਤੀਆਂ ਦੀਆਂ ਲਿਸਟਾਂ ਮੰਗਵਾਈਆਂ ਜਾ ਰਹੀਆਂ ਹਨ, ਜਿਹਨਾਂ ਪਰਿਵਾਰਾਂ ਦੇ ਕਿਸੇ ਮੈਂਬਰ ਦੀ ਕੋਵਿਡ-19 ਮਹਾਂਮਾਰੀ ਨਾਲ ਮੌਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਅਥਾਰਟੀ ਵੱਲੋਂ ਉਹਨਾਂ ਪਰਿਵਾਰਾਂ ਨੂੰ ਰਾਜ ਸਰਕਾਰ ਵੱਲੋਂ ਜਨਹਿੱਤ ਵਿੱਚ 50,000/- ਦੀ ਐਕਸ ਗ੍ਰੇਸ਼ੀਆ ਰਾਸ਼ੀ ਮੁਹੱਈਆ ਕਰਵਾਈ ਜਾਵੇ। ਉਸੇ ਤਹਿਤ ਡਿਪਟੀ ਕਮਿਸ਼ਨਰ ਦਫਤਰ ਦੇ ਨੋਡਲ ਅਫਸਰ ਨਾਲ ਮੀਟਿੰਗ ਕੀਤੀ ਗਈ। ਉਹਨਾਂ ਵੱਲੋਂ ਲਿਸਟ ਮੁਹੱਈਆ ਕਰਵਾਈ ਗਈ ਜਿਸ ਵਿੱਚ ਕੋਵਿਡ ਮਹਾਂਮਾਰੀ ਨਾਲ ਹੋਈ ਮੌਤਾਂ ਦੀ ਗਿਣਤੀ ਕੁੱਲ 528 ਹੈ। ਜਿਨ੍ਹਾਂ ਵਿੱਚ 440 ਕਲੇਮ ਫਾਰਮ ਭਰਵਾਏ ਜਾ ਚੁੱਕੇ ਹਨ ਅਤੇ ਉਹਨਾਂ ਵਿੱਚੋਂ 378 ਮ੍ਰਿਤਕ ਦੇ ਪਰਿਵਾਰਿਕ ਵਾਰਸਾਂ ਨੂੰ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਅਤੇ ਬਾਕੀ ਲੰਬਿਤ ਦਰਖਾਸਤਾਂ ਵਿੱਚ ਪੈਰਾ ਲੀਗਲ ਵਲੰਟੀਅਰ ਦੀ ਸਹਾਇਤਾ ਨਾਲ ਪੀੜਿਤ ਪਰਿਵਾਰਾਂ ਦੀ ਸਹਾਇਤਾ ਲਈ ਫਾਰਮ ਭਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪੀੜਿਤ ਪਰਿਵਾਰਾਂ ਵੱਲੋਂ ਕਲੇਮ ਰਾਸ਼ੀ ਲੈਣ ਲਈ ਆਪਣੇ ਪ੍ਰਾਥਨਾ ਪੱਤਰ ਨਾਲ ਜਰੂਰੀ ਦਸਤਾਵੇਜਾਂ ਨੂੰ ਸੰਬੰਧਿਤ ਦਫਤਰ ਵਿੱਚ ਜਮਾਂ ਕਰਵਾ ਸਕਦੇ ਹਨ। ਜੇਕਰ ਫਿਰ ਵੀ ਕਿਸੇ ਪਰਿਵਾਰ ਨੂੰ ਕੋਵਿਡ ਮਹਾਂਮਾਰੀ ਦੌਰਾਨ ਹੋਈ ਮੌਤ ਕਾਰਨ ਮਾਲੀ ਸਹਾਇਤਾ ਮਿਲਣ ਵਿੱਚ ਕਿਸੇ ਕਿਸਮ ਦੀ ਕੋਈ ਵੀ ਸਹਾਇਤਾ ਚਾਹੀਦੀ ਹੋਵੇ ਤਾਂ ਉਹ ਸੰਬੰਧਿਤ ਦਫਤਰ ਦੇ ਟੈਲੀਫੋਨ ਨੰ. 01633-261124 ਤੇ ਸੰਪਰਕ ਕਰ ਸਕਦਾ ਹੈ।