ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਤਹਿਤ ਹੁਣ ਜਨਤਕ ਥਾਵਾਂ ‘ਤੇ ਮਾਸਕ ਨਾ ਪਾਉਣ ਅਤੇ ਥੁੱਕਣ ‘ਤੇ ਹੋਵੇਗਾ ਜੁਰਮਾਨਾ
ਸ੍ਰੀ ਮੁਕਤਸਰ ਸਾਹਿਬ:- ਕੋਵਿਡ -19 ਦੇ ਫੈਲਾਅ ਨੂੰ ਰੋਕਣ ਅਤੇ ਲੋਕਾਂ ਦੀ ਸੁਰੱਖਿਆ ਦੇ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਤਹਿਤ ਘਰ ਤੋਂ ਬਾਹਰ ਜਾਣ ਲੱਗਿਆ ਮਾਸਕ ਪਾਉਣਾ ਅਤੇ ਉਚਿਤ ਸਮਾਜਿਕ ਦੂਰੀ ਰੱਖਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਜਨਤਕ ਥਾਵਾਂ ਤੇ ਥੁੱਕਣ ਆਦਿ ਦੀ ਮਨਾਹੀ ਕੀਤੀ ਗਈ ਹੈ ਤੇ ਇਨਾਂ ਹੁਕਮਾਂ ਦੀ ਉਲੰਘਣਾ ਕਰਨ ‘ਤੇ ਭਾਰੀ ਜ਼ੁਰਮਾਨਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਇਹ ਜ਼ਰੂਰੀ ਹੈ ਕਿ ਹਰ ਵਿਅਕਤੀ ਜਨਤਕ ਥਾਵਾਂ ਤੇ ਜਾਣ ਸਮੇਂ ਮਾਸਕ ਪਹਿਨੇ, ਉਚਿਤ ਸਮਾਜਿਕ ਦੂਰੀ ਰੱਖੇ ਅਤੇ ਜਨਤਕ ਥਾਵਾਂ ‘ਤੇ ਥੁੱਕਣ ਤੋਂ ਗੁਰੇਜ਼ ਕਰੇ। ਜਿਨਾਂ ਵਿਅਕਤੀਆਂ ਨੂੰ ਵਿਭਾਗ ਵੱਲੋਂ ਇਕਾਂਤਵਾਸ ਕੀਤਾ ਗਿਆ ਹੈ ਉਹ ਇਕਾਂਤਵਾਸ ਦੀ ਪਾਲਣਾ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਜਨਤਕ ਥਾਂ ਤੇ ਮਾਸਕ ਨਹੀਂ ਪਹਿਨਦਾ ਤਾਂ ਉਸ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਤੇ ਜਨਤਕ ਥਾਂ ਤੇ ਥੁੱਕਣ ਵਾਲੇ ਨੂੰ ਵੀ 500 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਘਰ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਦੁਕਾਨ ਜਾਂ ਕਿਸੇ ਕਮਰਸ਼ੀਅਲ ਥਾਂ ਤੇ ਜੇਕਰ ਸਮਾਜਿਕ ਦੂਰੀ ਦੀ ਉਲੰਘਣਾ ਹੁੰਦੀ ਹੈ ਤਾਂ ਮਾਲਕ ਤੋਂ 3000 ਰੁਪਏ ਦਾ ਜ਼ੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦੀ ਉਲੰਘਣਾ ਕਰਨ ‘ਤੇ ਬੱਸ ਮਾਲਕਾਂ ਨੂੰ 3000 ਰੁਪਏ, ਕਾਰ ਮਾਲਕ ਨੂੰ 2000 ਰੁਪਏ ਤੇ ਆਟੋ ਰਿਕਸ਼ਾਂ ਤੇ ਦੋ ਪਹੀਆ ਵਾਹਨ ਨੂੰ 500 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਲੰਘਣਾ ਕਰਨ ਵਾਲੇ ਵੱਲੋਂ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਉਸ ਵਿਰੁਧ ਐਪੀਡੈਮਿਕ ਡਿਜ਼ੀਜ ਐਕਟ 1897 ਦੇ ਨਿਯਮਾਂ ਤਹਿਤ ਆਈ.ਪੀ.ਸੀ. ਦੀ ਧਾਰਾ 188 ਹੇਠ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ