ਜ਼ਿਲੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ 929527 ਮੀਟਰਕ ਟਨ ਕਣਕ ਦੀ ਆਮਦ
ਸ੍ਰੀ ਮੁਕਤਸਰ ਸਾਹਿਬ:- ਸ੍ਰੀ ਅਜੈਪਾਲ ਸਿੰਘ ਬਰਾੜ ਜ਼ਿਲਾ ਮੰਡੀ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਜ਼ਿਲੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਕਣਕ ਦਾ ਕੰਮ ਕਰੋਨਾ ਵਾਇਰਸ ਦੇ ਚੱਲਦਿਆਂ ਪੂਰੀ ਸਾਵਧਾਨੀ ਨਾਲ ਨੇਪਰੇ ਚੜ੍ਹ ਰਿਹਾ ਹੈ। ਉਹਨਾਂ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਜ਼ਿਲੇ ਵਿੱਚ ਬਣਾਏ ਗਏ 240 ਖਰੀਦ ਕੇਂਦਰਾਂ ਵਿੱਚ ਹੁਣ ਤੱਕ 929527 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋ ਵੱਖ ਵੱਖ ਖਰੀਦ ਏਜੰਸੀਆਂ ਵਲੋਂ 929335 ਮੀਟਰਕ ਟਨ ਕਣਕ ਖਰੀਦ ਕੀਤੀ ਜਾ ਚੁੱਕੀ ਹੈ ਅਤੇ 926390 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਜ਼ਿਲਾ ਮੰਡੀ ਅਫਸਰ ਨੇ ਦੱਸਿਆਂ ਕਿ ਪਨਗ੍ਰੇਨ ਵਲੋਂ 248168 ਮੀਟਰਕ ਟਨ, ਐਫ.ਸੀ.ਆਈ ਵਲੋ 83259 ਮੀਟਰਕ ਟਨ, ਮਾਰਕਫੈਡ ਵਲੋਂ 230556 ਮੀਟਰਕ ਟਨ, ਪਨਸਪ ਵਲੋਂ 212074 ਮੀਟਰਕ ਟਨ, ਵੇਅਰ ਹਾਊਸ ਵਲੋਂ 155278 ਮੀਟਰਕ ਟਨ ਕਣਕ ਖਰੀਦ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆਂ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਪਾਸੋ ਕਣਕ 31 ਮਈ ਤੱਕ ਖਰੀਦ ਜਾ ਰਹੀ ਹੈ। ਉਹਨਾਂ ਕਿਹਾ ਕਿ ਜੋ ਵੀ ਕਿਸਾਨ ਕਿਸੇ ਕਾਰਨ ਆਪਣੀ ਕਣਕ ਦੀ ਫਸਲ ਅਜੇ ਤੱਕ ਅਨਾਜ ਮੰਡੀਆਂ ਵਿੱਚ ਨਹੀਂ ਵੇਚ ਸਕੇ ਉਹ ਆਪਣੀ ਕਣਕ 31 ਮਈ ਤੋਂ ਪਹਿਲਾਂ - ਪਹਿਲਾਂ ਆਪਣੀ ਨੇੜਲੀ ਮੰਡੀ ਵਿੱਚ ਲਿਆ ਕੇ ਵੇਚ ਸਕਦਾ ਹੈ ਅਤੇ 31 ਮਈ ਤੋਂ ਬਾਅਦ ਸਰਕਾਰੀ ਖਰੀਦ ਬੰਦ ਕਰ ਦਿੱਤੀ ਜਾਵੇਗੀ। ਜ਼ਿਲਾ ਮੰਡੀ ਅਫਸਰ ਨੇ ਦੱਸਿਆ ਕਿ ਸਾਰੀਆਂ ਅਨਾਜ ਮੰੰਡੀਆ ਵਿੱਚ ਲੋਕਾਂ ਦੀ ਸਹੂਲਤ ਲਈ ਪੀਣ ਵਾਲਾ ਪਾਣੀ ਅਤੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਸਾਫ ਸਫਾਈ ਅਤੇ ਸੈਨੀਟਾਈਜਰ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਅਤੇ ਸਮੇਂ ਸਮੇਂ ਸੈਨੀਟਾਈਜੇਸ਼ਨ ਸਪੇਅ ਵੀ ਕੀਤਾ ਜਾਂਦਾ ਰਿਹਾ ਹੈ। ਇਸ ਮੌਕੇ ਤੇ ਸ੍ਰੀ ਬਲਜਿੰਦਰ ਸਿੰਘ ਸ਼ਰਮਾ ਵੀ ਮੌਜੂਦ ਸਨ।