ਠੇਕਾ ਮੁਲਾਜਮਾਂ ਦੀ ਇਸ ਵਾਰ ਵੀ ਹੋਵੇਗੀ ਕਾਲੀ ਦਿਵਾਲੀ, ਸਰਕਾਰ ਦੁਆਰਾ ਨਹੀਂ ਦਿੱਤਾ ਗਿਆ ਵਿਸ਼ੇਸ਼ ਲਾਭ

ਮਲੋਟ:- ਪਿਛਲੇ ਲੰਬੇ ਸਮੇਂ ਤੋਂ ਠੇਕਾ ਆਧਾਰ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਨਵੀਂ ਬਣੀ ਪੰਜਾਬ ਸਰਕਾਰ ਤੋਂ ਰੈਗੂਲਰ ਕਰਨ ਦੀ ਉਮੀਦ ਸੀ ਪਰੰਤੂ ਇਹਨਾਂ ਉਮੀਦਾਂ ਤੇ ਉਸ ਸਮੇਂ ਪਾਣੀ ਫਿਰ ਗਿਆ ਜਦ ਸਰਕਾਰ ਦੁਆਰਾ ਇਹਨਾਂ ਨੂੰ ਕੋਈ ਵੀ ਵਿੱਤੀ ਲਾਭ ਤੱਕ ਨਹੀਂ ਦਿੱਤਾ ਗਿਆ, ਰੈਗੂਲਰ ਕਰਨਾ ਤਾਂ ਦੂਰ ਦੀ ਗੱਲ ਹੈ। ਇਸ ਤੇ ਖਫਾ ਹੁੰਦਿਆਂ ਸਿਹਤ ਵਿਭਾਗ ਅਧੀਨ ਐਨ.ਐਚ.ਐਮ. ਕਰਮਚਾਰੀਆਂ ਦੇ ਆਗੂ ਗੁਰਪ੍ਰੀਤ ਭੁੱਲਰ ਸੂਬਾ ਪ੍ਰਧਾਨ ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਪੰਜਾਬ ਨੇ ਦੱਸਿਆ ਕਿ ਕਰੋਨਾ ਕਾਲ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਦੁਆਰਾ ਦਿਨ ਰਾਤ ਮਿਹਨਤ ਨਾਲ ਕੰਮ ਕਰਕੇ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਤੇ ਕਾਬੂ ਪਾਇਆ ਗਿਆ। ਇਹਨਾਂ ਕਰਮਚਾਰੀਆਂ ਨੂੰ ਉਮੀਦ ਸੀ ਕਿ ਇਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਸਰਕਾਰ ਇਹਨਾਂ ਦੀ ਮਿਹਨਤ ਦਾ ਫਲ ਦੇਵੇਗੀ ਪਰੰਤੂ ਇਸ ਸਰਕਾਰ ਦੁਆਰਾ ਇਹਨਾਂ ਕਰਮਚਾਰੀਆਂ ਨੂੰ ਰੈਗੂਲਰ ਨਾ ਕਰਕੇ ਇਹਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਗਿਆ। ਜਿਸ ਕਾਰਨ ਇਹਨਾਂ ਕਰਮਚਾਰੀਆਂ ਦੀ ਦਿਵਾਲੀ ਇਸ ਵਾਰ ਕਾਲੀ ਹੀ ਰਹੇਗੀ। ਉਹਨਾਂ ਅੱਗੇ ਕਿਹਾ ਕਿ ਪਿਛਲੀ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲ ਅਯਾਸ਼ੀ ਵਿੱਚ ਲੰਘਾ ਦਿੱਤੇ ਤੇ ਇਸ ਸਰਕਾਰ ਨੇ ਬਕਾਇਆ ਰਹਿੰਦਾ ਸਮਾਂ ਸਿਰਫ ਲਾਰਿਆਂ ਵਿੱਚ ਹੀ ਲੰਘਾ ਦਿੱਤਾ ਹੈ। ਜਿਸ ਕਾਰਨ ਇਹਨਾਂ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਨਾਅਰਾ ਹੈ ਕਿ “ਘਰ-ਘਰ ਚੱਲੀ ਗੱਲ, ਚੰਨੀ ਕਰਦਾ ਹਰ ਮਸਲੇ ਦਾ ਹੱਲ” ਜੋ ਕਿ ਬਦਲ ਕੇ “ਘਰ-ਘਰ ਚੱਲੀ ਗੱਲ, ਚੰਨੀ ਨਹੀਂ ਕਰਦਾ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਹੱਲ” ਕਰ ਦੇਣਾ ਚਾਹੀਦਾ ਹੈ।
ਉਹਨਾਂ ਮੰਗ ਕੀਤੀ ਕਿ ਸਰਕਾਰ ਨੂੰ ਸਿਹਤ ਵਿਭਾਗ ਅਧੀਨ ਕੰਮ ਕਰਦੇ ਸਮੂਹ ਕੰਟਰੈਕਟ ਅਤੇ ਆਊਟਸੋਰਸ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕਰਕੇ ਉਹਨਾਂ ਦਾ ਬਣਦਾ ਮਾਣ ਸਨਮਾਨ ਕਰੇ, ਨਹੀਂ ਤਾਂ ਸਰਕਾਰ ਦੁਆਰਾ ਇਹਨਾਂ ਕਰਮਚਾਰੀਆਂ ਨੂੰ ਦਿੱਤੇ ਗਏ ਸਨਮਾਨ ਪੱਤਰ ਵਾਪਿਸ ਕਰਕੇ ਆਪਣਾ ਰੋਸ ਪ੍ਰਗਟ ਕਰਨਗੇ। ਇਸ ਮੌਕੇ ਸ੍ਰੀ ਜਗਦੇਵ ਸਿੰਘ ਅਤੇ ਸੁਖਜੀਤ ਕੰਬੋਜ ਸੂਬਾ ਆਗੂਆਂ ਨੇ ਦੱਸਿਆ ਕਿ ਕੰਟਰੈਕਟ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਸਰਕਾਰ ਦੇ ਰੈਗੂਲਰ ਕਰਮਚਾਰੀਆਂ ਦੇ ਮੁਕਾਬਲੇ ਬਹੁਤ ਘੱਟ ਤਨਖਾਹਾਂ ਦੇ ਕੇ ਕੰਮ ਲਿਆ ਜਾ ਰਿਹਾ ਹੈ। ਜਦ ਕਿ ਮਹਿੰਗਾਈ ਪਹਿਲਾਂ ਨਾਲੋਂ ਬਹੁਤ ਜਿਆਦਾ ਵੱਧ ਚੁੱਕੀ ਹੈ ਅਤੇ ਕਰਮਚਾਰੀਆਂ ਦਾ ਐਨੀ ਘੱਟ ਤਨਖਾਹ ਵਿੱਚ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਇਹਨਾਂ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕਰੇ ਨਹੀਂ ਤਾਂ ਸਰਕਾਰ ਨੂੰ ਇਸ ਦਾ ਖਮਿਆਜਾ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।