ਚੰਗੇ ਸਮਾਜ ਦੀ ਸਿਰਜਨਾ ਲਈ ਲੜਕੀਆਂ ਨੂੰ ਵੀ ਦਿੱਤੇ ਜਾਣ ਲੜਕਿਆਂ ਦੇ ਬਰਾਬਰ ਅਧਿਕਾਰ- ਡਾ. ਰੰਜੂ ਸਿੰਗਲਾ ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਸੀ ਐਂਡ ਪੀ.ਐੱਨ.ਡੀ.ਟੀ ਐਕਟ ਅਧੀਨ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸੰਬੰਧੀ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ ਅਤੇ ਧੀਆਂ ਦੀਆਂ ਲੋਹੜੀ ਮਨਾਈ ਗਈ। ਇਸ ਮੌਕੇ ਡਾ. ਰੰਜੂ ਸਿੰਗਲਾ ਸਿਵਿਲ ਸਰਜਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਡਾ. ਬੰਦਨਾ ਬਾਂਸਲ ਡੀ.ਐੱਮ.ਸੀ, ਡਾ. ਦੁਪਿੰਦਰ ਕੁਮਾਰ ਐੱਸ.ਐੱਮ.ਓ. ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ, ਡਾ. ਨਰੇਸ਼ ਪਰੂਥੀ ਐੱਨ.ਜੀ.ਓ, ਪੰਕਜ ਕੁਮਾਰ ਸੀ.ਡੀ.ਪੀ.ਓ, ਸੁਖਮੰਦਰ ਸਿੰਘ, ਗੁਰਚਰਨ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਦੀਪਕ ਕੁਮਾਰ ਡੀ.ਪੀ.ਐੱਮ, ਭਗਵਾਨ ਦਾਸ, ਲਾਲ ਚੰਦ, ਗਗਨਦੀਪ ਕੌਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਰੰਜੂ ਸਿੰਗਲਾ ਨੇ ਸਾਲ 2022 ਵਿੱਚ ਪੈਦਾ ਹੋਈਆਂ ਬੱਚੀਆਂ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਅਤੇ ਬੱਚੀਆਂ ਤੇ ਮਾਪਿਆਂ ਨਾਲ ਲੋਹੜੀ ਮਨਾਈ ਗਈ ਅਤੇ ਮੂੰਗਫਲੀ ਅਤੇ ਰਿਉੜੀਆਂ ਵੰਡੀਆਂ ਗਈਆਂ। ਡਾ. ਰੰਜੂ ਸਿੰਗਲਾ ਨੇ ਬੱਚੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਬੱਚੀਆਂ ਦੀ ਤੰਦਰੁਸਤੀ ਅਤੇ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਸਮੇਂ ਉਹਨਾਂ ਕਿਹਾ ਕਿ ਕਿ ਸਾਨੂੰ ਲੜਕੀਆਂ ਅਤੇ ਲੜਕਿਆਂ ਵਿੱਚ ਕੋਈ ਵੀ ਅੰਤਰ ਨਹੀਂ ਸਮਝਣਾ ਚਾਹੀਦਾ। ਲੜਕੀਆਂ ਦਾ ਪਾਲਣ ਪੋਸ਼ਣ ਅਤੇ ਵਿੱਦਿਆ ਲੜਕਿਆਂ ਦੇ ਬਰਾਬਰ ਹੀ ਕਰਵਾਉਣੀ ਚਾਹੀਦੀ ਹੈ। ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਘੱਟ ਨਹੀਂ ਹਨ ਬਸ਼ਰਤੇ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਮਾਪਿਆਂ ਨੂੰ ਲੜਕੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਅਤੇ ਸੁੰਦਰ ਦੁਨੀਆਂ ਦੇਖਣ ਦਾ ਮੌਕਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਲਿੰਗ ਟੈਸਟ ਜਾਂ ਬੱਚੀ ਭਰੂਣ ਹੱਤਿਆ ਕਰਨ ਵਾਲੇ, ਕਰਵਾਉਣ ਵਾਲੇ ਜਾਂ ਇਸ ਵਿੱਚ ਸਹਿਯੋਗ ਦੇਣ ਵਾਲੇ ਵਿਅਕਤੀਆਂ ਸੰਬੰਧੀ ਸੂਚਨਾ ਦਿੰਦਾ ਹੈ ਅਤੇ ਦੋਸ਼ੀ ਪਕੜੇ ਜਾਂਦੇ ਹਨ ਤਾਂ ਪੰਜਾਬ ਸਰਕਾਰ ਵੱਲੋਂ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦਿੱਤਾ ਜਾਂਦਾ ਹੈ। ਇਸ ਮੌਕੇ ਪੰਕਜ ਕੁਮਾਰ ਸੀ.ਡੀ.ਪੀ.ਓ. ਨੇ ਕਿਹਾ ਕਿ ਸਾਨੂੰ ਸਮਾਜ ਵਿੱਚੋ ਦਹੇਜ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨਾ ਚਾਹੀਦਾ ਹੈ। ਸਾਨੂੰ ਲੜਕਿਆਂ ਨੂੰ ਵੀ ਕੁੜੀਆਂ ਦੀ ਇੱਜ਼ਤ ਕਰਨ ਲਈ ਸਮਝਾਉਣਾ ਚਾਹੀਦਾ ਹੈ। ਉਨ੍ਹਾਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਲੜਕੀਆਂ ਲਈ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ 81 ਨਵ-ਜਨਮੀਆਂ ਲੜਕੀਆਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਲੋਹੜੀ ਮਨਾਈ ਗਈ। ਇਸ ਸਮੇਂ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਮੂਹ ਏ.ਐੱਨ.ਐਮਜ਼ ਅਤੇ ਆਸ਼ਾ ਵਰਕਰਜ਼ ਹਾਜ਼ਿਰ ਸਨ। Author: Malout Live