ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਬਣਾਏ ਥਰਮਲ ਹੁਣ ਵਿਕਣ ਲਈ ਤਿਆਰ
ਬਠਿੰਡਾ:- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਬਠਿੰਡਾ 'ਚ ਗੁਰੂ ਨਾਨਕ ਦੇਵ ਥਰਮਲ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਹੁਣ ਠੀਕ 50 ਸਾਲਾਂ ਬਾਅਦ 550ਵੇਂ ਪ੍ਰਕਾਸ਼ ਪੁਰਬ ਦੌਰਾਨ ਪਾਵਰਕੌਮ ਬਠਿੰਡਾ ਨੇ ਥਰਮਲ ਵੇਚਣ ਲਈ ਲਾ ਦਿੱਤੇ ਹਨ। ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ 22 ਸਤੰਬਰ 1974 ਨੂੰ ਪਹਿਲੇ ਯੂਨਿਟ ਦਾ ਉਦਘਾਟਨ ਕੀਤਾ ਸੀ। ਬਠਿੰਡਾ ਥਰਮਲ ਦੇ ਯੂਨਿਟ ਨੰਬਰ 1 ਅਤੇ 2 ਦੀ ਪੂਰੀ ਮਸ਼ੀਨਰੀ ਦੀ ਵਿਕਰੀ ਲਈ ਪਾਵਰਕੌਮ ਨੇ 'ਕੌਮਾਂਤਰੀ ਦਿਲਚਸਪੀ ਦਾ ਪ੍ਰਗਟਾਵਾ' ਕਰਦੇ ਹੋਏ 29 ਨਵੰਬਰ ਤੱਕ ਪਾਰਟੀਆਂ ਨੂੰ ਪਹੁੰਚ ਕਰਨ ਦਾ ਆਖਰੀ ਸਮਾਂ ਦਿੱਤਾ ਹੈ। ਥਰਮਲ ਦੇ ਦੋਵੇਂ ਯੂਨਿਟ 220 ਮੈਗਾਵਾਟ ਦੇ ਹਨ। ਬਠਿੰਡਾ ਥਰਮਲ ਕੋਲ ਕੁੱਲ 2200 ਏਕੜ ਜ਼ਮੀਨ ਹੈ, ਜਿਸ ਦਾ ਮੁੱਲ 462 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਸਰਕਾਰ ਇਸ ਨੂੰ ਵੇਚ ਕੇ ਕਮਾਈ ਕਰਨਾ ਚਾਹੁੰਦੀ ਹੈ। ਪਾਵਰਕੌਮ ਨੇ ਬਠਿੰਡਾ ਥਰਮਲ ਦੇ ਯੂਨਿਟ ਨੰਬਰ-4 ਨੂੰ ਪਰਾਲੀ ਨਾਲ ਚਲਾਏ ਜਾਣ ਦੀ ਤਜਵੀਜ਼ ਵੀ ਸਰਕਾਰ ਨੂੰ ਭੇਜੀ ਹੋਈ ਹੈ। ਇਸ 'ਤੇ ਆਖਰੀ ਫੈਸਲਾ ਸਰਕਾਰ ਨੇ ਲੈਣਾ ਹੈ।