ਝੋਨੇ ਦੀ ਪਰਾਲੀ ਨੂੰ ਅੱਗ ਲਾਉਣ 'ਚ ਸਰਕਾਰ ਦੀਆਂ ਗਲਤ ਨੀਤੀਆਂ ਜਿੰਮੇਵਾਰ
ਸ੍ਰੀ ਮੁਕਤਸਰ ਸਾਹਿਬ :- ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੱਦੇ 'ਤੇ ਬਲਾਕ ਗਿਦੜ੍ਹਬਾਹਾ ਵਲੋਂ ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ ਦੀ ਅਗਵਾਈ ਹੇਠ ਬੱਸ ਅੱਡਾ ਦੋਦਾ 'ਤੇ ਝੰਡਾ ਮਾਰਚ ਕੱਢਿਆ ਗਿਆ। ਵੱਖ-ਵੱਖ ਪਿੰਡਾਂ 'ਚ ਮਾਰਚ ਕਰਦਿਆਂ ਉਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ 'ਚ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਜਿੰਮੇਵਾਰ ਦੱਸਿਆ। ਜ਼ਿਲਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜ਼ਿਲਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਸੂਬਾ ਅਤੇ ਕੇਂਦਰ ਸਰਕਾਰ 'ਤੇ ਦੋਸ਼ ਲਾਉਦਿਆਂ ਕਿਹਾ ਕਿ ਸਰਕਾਰਾਂ ਨੇ ਨਵੀਆਂ 'ਤੇ ਸਨਅਤੀ ਨੀਤੀਆਂ ਤਹਿਤ ਵਿਸ਼ਵ ਵਪਾਰ ਦੀਆਂ ਸ਼ਰਤਾਂ ਅਨੁਸਾਰ ਅੱਜ ਤੱਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਲਾਹੇਵੰਦ ਭਾਅ ਨਹੀਂ ਦਿੱਤੇ। ਸਰਕਾਰ ਦੀਆਂ ਬੇਧਿਆਨੀ ਕਾਰਨ ਬਾਜ਼ਰ 'ਚ ਨਕਲੀ ਬੀਜਾਂ, ਖਾਦਾਂ, ਸਪਰੇਆਂ ਕਾਰਨ ਫਸਲਾਂ ਦਾ ਝਾੜ ਘੱਟ ਨਿਕਲਣ 'ਤੇ ਕਿਸਾਨ ਪਹਿਲਾਂ ਹੀ ਨਿਰਾਸ਼ ਹਨ ਅਤੇ ਹੁਣ ਸਰਕਾਰ ਖੁਦ ਪਰਾਲੀ ਦਾ ਹੱਲ ਕਰਨ ਦੀ ਥਾਂ ਇਸ ਨੂੰ ਅੱਗ ਲਾ ਰਹੇ ਕਿਸਾਨਾਂ 'ਤੇ ਪਰਚੇ ਦਰਜ ਕਰ ਰਹੀ ਹੈ। ਜੁਰਮਾਨੇ ਅਤੇ ਜ਼ਮੀਨ 'ਤੇ ਲਾਲ ਐਂਟਰੀ ਕਰਨ ਦਾ ਕਹਿ ਕੇ ਡਰਾ-ਧਮਕਾ ਰਹੀ ਹੈ। ਉਨ੍ਹਾਂ ਸੂਬਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਸਰਕਾਰਾਂ ਨੈਸ਼ਨਲ ਗਰੀਨ ਟ੍ਰਿਬਿਊਨਲ ਦਿੱਲੀ ਦੀਆਂ ਹਦਾਇਤਾਂ ਲਾਗੂ ਕਰਨ, ਜੇ ਇਹ ਹਦਾਇਤਾ ਲਾਗੂ ਨਹੀਂ ਹੁੰਦੀਆਂ ਤਾਂ ਸਰਕਾਰ ਕਿਸਾਨ ਨੂੰ ਪ੍ਰਤੀ ਏਕੜ ਛੇ ਸੌ ਰੁਪਏ ਦੇਵੇ।