ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ 1 ਸਤੰਬਰ ਤੋਂ ਦਿਨ ਰਾਤ ਧਰਨਾ ਲਾਉਣ ਦਾ ਲਿਆ ਫੈਸਲਾ, 5 ਨੂੰ ਵਿਧਾਇਕ ਕਾਕਾ ਬਰਾੜ ਨੂੰ ਦਿੱਤਾ ਜਾਵੇਗਾ ਮੰਗ ਪੱਤਰ
ਸ਼੍ਰੀ ਮੁਕਤਸਰ ਸਾਹਿਬ:- ਸੰਯੁਕਤ ਕਿਸਾਨ ਮੋਰਚਾ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਅਹਿਮ ਮੀਟਿੰਗ ਜਸਵਿੰਦਰ ਸਿੰਘ ਝਬੇਲਵਾਲੀ ਸੂਬਾ ਆਗੂ ਕਿਰਤੀ ਕਿਸਾਨ ਯੂਨੀਅਨ ਦੀ ਪ੍ਰਧਾਨਗੀ ਵਿੱਚ ਹੋਈ । ਮੀਟਿੰਗ ਵਿੱਚ ਭਾਰੀ ਬਾਰਿਸ਼ ਕਾਰਨ ਹੋਏ ਫਸਲਾਂ ਦੇ ਨੁਕਸਾਨ ਅਤੇ ਲੰਪੀ ਸਕਿਨ ਬੀਮਾਰੀ ਕਾਰਨ ਮਰੇ ਪਸ਼ੂਆਂ ਦਾ ਮੁਆਵਜ਼ਾ ਲੈਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਭਾਰੀ ਬਾਰਿਸ਼ ਕਾਰਨ ਪਿੰਡ ਮਿੱਡਾ, ਰਾਣੀਵਾਲਾ, ਪੰਨੀਵਾਲਾ , ਮੋਹਲਾ , ਰੱਤਾ ਟਿੱਬਾ , ਕਰਮਪਟੀ ਅਤੇ ਹੋਰ ਕਾਫ਼ੀ ਪਿੰਡਾਂ ਵਿੱਚ ਫਸਲ ਬਿਲਕੁਲ ਬਰਬਾਦ ਹੋ ਗਈ ਹੈ ਅਤੇ ਮਜ਼ਦੂਰ ਭਰਾਵਾਂ ਦੇ ਅਤੇ ਛੋਟੇ ਕਿਸਾਨਾਂ ਦੇ ਘਰ ਵੀ ਬਾਰਿਸ਼ ਕਾਰਨ ਢਹਿ ਗਏ। ਇਹਨਾਂ ਸਮੱਸਿਆਵਾਂ ਦੇ ਸੰਬੰਧ ਵਿੱਚ ਕਾਫ਼ੀ ਵਾਰ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੂੰ ਮਿਲਿਆ ਗਿਆ ਪਰ ਅਜੇ ਤੱਕ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨ ' ਤੇ ਜੂੰ ਨਹੀਂ ਸਰਕੀ । ਇਸ ਮੌਕੇ ਬਲਵਿੰਦਰ ਸਿੰਘ ਥਾਂਦੇਵਾਲਾ , ਬਲਵਿੰਦਰ ਸਿੰਘ ਭੱਟੀਵਾਲਾ , ਕੁਲਦੀਪ ਸਿੰਘ ਥਾਂਦੇਵਾਲਾ , ਇੰਦਰਜੀਤ ਸਿੰਘ ਅਸਪਾਲਾ , ਬਲਜੀਤ ਲੰਡੇਰੋਡੇ ਨੇ ਦੱਸਿਆ ਕਿ 1 ਸਤੰਬਰ ਤੋਂ ਤਿੰਨ ਰੋਜ਼ਾ ਧਰਨਾ ਦਿਨ ਰਾਤ ਪੰਨੀਵਾਲਾ ਫੱਤਾ ਵਿਖੇ ਚੌਕ ਵਿੱਚ ਲਾਇਆ ਜਾ ਰਿਹਾ ਹੈ ਅਤੇ ਜੇਕਰ ਸਰਕਾਰ ਨੇ ਇਸ ' ਤੇ ਕੋਈ ਗੱਲਬਾਤ ਨਾ ਕੀਤੀ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੜਕਾਂ ਵੀ ਜਾਮ ਕੀਤੀਆਂ ਜਾਣਗੀਆਂ , ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ । ਆਗੂਆਂ ਨੇ ਦੱਸਿਆ ਕਿ 5 ਸਤੰਬਰ ਨੂੰ ਵਿਧਾਇਕ ਕਾਕਾ ਬਰਾੜ ਦੇ ਘਰ ਵੱਲ ਮਾਰਚ ਕੀਤਾ ਜਾਵੇਗਾ ਅਤੇ ਮੰਗ ਪੱਤਰ ਦਿੱਤਾ ਜਾਵੇਗਾ । ਆਗੂਆਂ ਨੇ ਕਿਹਾ ਕਿ ਬੀਮਾਰੀ ਕਾਰਨ ਮਰੇ ਪਸ਼ੂਆਂ ਦੇ ਫਾਰਮ ਪਹਿਲਾਂ ਹੀ ਪਿੰਡਾਂ ਵਿੱਚ ਜਾ ਕੇ ਭਰਵਾਏ ਗਏ ਹਨ , ਜੋ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਜਾਣਗੇ। Author: Malout Live