ਸਰਕਾਰੀ ਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੂੰ ਮੂੰਹ ਦੀ ਸਫਾਈ ਦੇ ਮਹੱਤਵ ਬਾਰੇ ਕੀਤਾ ਜਾਗਰੂਕ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਡਾ. ਕਰਨ ਅਬਰੋਲ ਜਿਲ੍ਹਾ ਡੈਂਟਲ ਹੈਲਥ ਅਫ਼ਸਰ ਦੀ ਦੇਖ-ਰੇਖ ਵਿੱਚ ਵਿਸ਼ਵ ਓਰਲ ਦਿਵਸ਼ ਮੌਕੇ ਸਰਕਾਰੀ ਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੂੰ ਦੰਦਾਂ ਦੀਆਂ ਬਿਮਾਰੀਆਂ, ਇਲਾਜ ਅਤੇ ਸਾਵਧਾਨੀਆਂ ਬਾਰੇ ਜਾਣੂੰ ਕਰਵਾਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕਰਨ ਅਬਰੋਲ ਨੇ ਦੱਸਿਆ ਕਿ ਇਸ ਜਾਗਰੂਕਤਾ ਸੈਮੀਨਾਰ ਦਾ ਮੁੱਖ ਮਕਸਦ ਦੰਦਾਂ ਦੀਆਂ ਬਿਮਾਰੀਆਂ ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ 20 ਮਾਰਚ ਤੋਂ 19 ਅਪ੍ਰੈਲ ਤੱਕ ਸਿਹਤ ਵਿਭਾਗ ਵੱਲੋਂ ਵਿਸ਼ਵ ਓਰਲ ਮਹੀਨਾ ਮਨਾਇਆ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਮੂੰਹ ਦੀ ਤੰਦਰੁਸਤੀ ਹੀ ਚੰਗੀ ਸਿਹਤ ਦਾ ਆਧਾਰ ਹੈ ਅਤੇ ਮੂੰਹ ਅਤੇ ਦੰਦਾਂ ਦੀ ਸਹੀ ਦੇਖਭਾਲ ਕਰਕੇ ਅਸੀਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਜਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਕਰਨ ਅਬਰੋਲ ਨੇ ਕੋਟਪਾ ਐਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੰਬਾਕੂ ਨਾਲ ਸੰਬੰਧਿਤ ਪਦਾਰਥ ਖਾਣ ਜਾਂ ਚਬਾਉਣ ਨਾਲ ਦੰਦਾਂ ਅਤੇ ਮੂੰਹ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ, ਜੋ ਅੱਗੇ ਚੱਲ ਕੇ ਮੂੰਹ ਦਾ ਕੈਂਸਰ ਬਣ ਸਕਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ, ਪ੍ਰੋ. ਬਲਵੀਰ ਕੌਰ, ਡਾ. ਡਿੰਪਲ, ਪ੍ਰੋ. ਰਮਨਦੀਪ ਕੌਰ, ਪ੍ਰੋ. ਰਿੰਪੀ ਗਰਗ ਅਤੇ ਗਗਨਦੀਪ ਸਿੰਘ ਭੁੱਲਰ ਬੀ.ਈ.ਈ ਹਾਜ਼ਿਰ ਸਨ। Author: Malout Live