ਰੁੱਖ ਤੇ ਕੁੱਖ ਬਚਾਓ ਦੇ ਸੰਦੇਸ਼ ਨਾਲ ਹਰਾ-ਭਰਾ ਮਲੋਟ ਪ੍ਰੋਗਰਾਮ ਦਾ ਆਗਾਜ਼

ਮਲੋਟ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੁੱਖ ਅਤੇ ਕੁੱਖ ਬਚਾਓ ਦੇ ਸੰਦੇਸ਼ ਨਾਲ ਮਲੋਟ ਸ਼ਹਿਰ ਨੂੰ ਹਰਾ-ਭਰਾ ਕਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਧੀਆਂ ਤੋਂ ਸ਼ਹਿਰ ਵਿਚ ਨਵੇਂ ਪੌਦੇ ਲਗਵਾ ਕੇ ਕਰਵਾਈ। ਇਸ ਪ੍ਰੋਗਰਾਮ ਤਹਿਤ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੇ ਹਰੇ ਭਰੇ ਅਤੇ ਸ਼ਹਿਰ ਦੀ ਦਿੱਖ ਨਿਖਾਰਨ ਵਾਲੇ ਰੁੱਖ ਲਗਾਏ ਜਾਣਗੇ। ਉਨ੍ਹਾਂ ਨੇ ਇਸ ਪ੍ਰੋਜੈਕਟ ਵਿੱਚ ਸਮੂਹ ਸ਼ਹਿਰ ਵਾਸੀਆਂ ਤੋਂ ਸਹਿਯੋਗ ਮੰਗਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਦੇ ਨਾਂਅ ਉਨ੍ਹਾਂ ਦੇ ਦਫ਼ਤਰ ਨੋਟ ਕਰਵਾਉਣ ਤਾਂ ਜੋ ਉਨ੍ਹਾਂ ਦੇ ਨਾਂਅ ਤੇ ਸ਼ਹਿਰ ਵਿੱਚ ਪੌਦੇ ਲਗਾਏ ਜਾ ਸਕਣ। ਡਾ. ਬਲਜੀਤ ਕੌਰ ਨੇ ਕਿਹਾ ਕਿ ਸ਼ਹਿਰ ਨੂੰ ਸਵੱਛ ਰੱਖਣਾ ਹਰੇਕ ਸ਼ਹਿਰੀ ਦਾ ਫਰਜ਼ ਹੈ ਅਤੇ ਇਸ ਲਈ ਸਾਰੇ ਲੋਕ ਇਸ ਮੁਹਿੰਮ ਨਾਲ ਜੁੜਨ।

ਉਨ੍ਹਾਂ ਨੇ ਸ਼ਹਿਰ ਦੇ ਸਿਵਲ ਹਸਪਤਾਲ ਨੂੰ ਵੀ ਏ-ਗ੍ਰੇਡ ਮਿਲਣ ਲਈ ਸ਼ਹਿਰ ਵਾਸੀਆਂ ਨੂੰ ਇਸ ਮੌਕੇ ਵਧਾਈ ਦਿੱਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਧੀਆਂ ਜਿਸ ਤਰ੍ਹਾਂ ਪਰਿਵਾਰਾਂ ਦੀ ਰੌਣਕ ਹੁੰਦੀਆਂ ਹਨ ਅਤੇ ਪਰਿਵਾਰ ਦਾ ਨਾਂਅ ਰੌਸ਼ਨ ਕਰਦੀਆਂ ਹਨ, ਇਸੇ ਤਰਾਂ ਇਹ ਰੁੱਖ ਮਲੋਟ ਸ਼ਹਿਰ ਦੀ ਰੋਣਕ ਬਨਣਗੇ। ਇਸ ਮੌਕੇ ਕੈਬਨਿਟ ਮੰਤਰੀ ਨੇ ਇਸ ਮੌਕੇ ਪਹਿਲਾਂ ਰੁੱਖ ਧੀ ਅੰਤਰਾ ਗਰੋਵਰ ਦੇ ਨਾਂਅ ਦਾ ਲਗਾਇਆ, ਜਿਸ ਨੇ ਅਮੇਰੀਕਾ ਵਿਚ ਐਮਾਜ਼ੋਨ ਵਿੱਚ ਜਾ ਕੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਧੀਆਂ ਅਰੁਨਿਆ, ਪ੍ਰਵਗੁਣ ਕੌਰ ਔਲਖ, ਗੁਰਲੀਨ ਕੌਰ ਬਰਾੜ, ਜਸਲੀਨ ਕੌਰ ਔਲਖ, ਜਪਨੂਰ ਕੌਰ ਔਲਖ, ਜਪਲੀਨ ਕੌਰ ਬਰਾੜ, ਰਾਬੀਆਂ ਗਰਗ ਆਦਿ ਤੋਂ ਉਨ੍ਹਾਂ ਦੇ ਨਾਂਅ ਦੇ ਰੁੱਖ ਲਗਵਾਏ। ਇਸ ਮੌਕੇ ਐੱਸ.ਡੀ.ਐੱਮ ਸ਼੍ਰੀ ਸੰਜੀਵ ਕੁਮਾਰ ਤੋਂ ਇਲਾਵਾ ਰਮੇਸ਼ ਅਰਨੀਵਾਲਾ, ਐਡਵੋਕੇਟ ਗੁਰਭੇਜ ਸਿੰਘ, ਜਸਦੇਵ ਸਿੰਘ ਸੰਧੂ ਤੋਂ ਇਲਾਵਾ ਆਮ ਪਾਰਟੀ ਦੇ ਵਰਕਰ ਸਾਹਿਬਾਨ ਹਾਜ਼ਿਰ ਸਨ। Author: Malout Live