ਜੁੱਤੀ ਮਜ਼ਦੂਰ ਨੇ ਮਾਲਕ ਤੇ ਗੁੰਡਾਗਰਦੀ ਨਾਲ ਬੰਧੂਆ ਮਜ਼ਦੂਰੀ ਕਰਵਾਉਣ ਦੇ ਲਾਏ ਦੋਸ਼

ਮਲੋਟ (ਹੈਪੀ) :- ਮਲੋਟ ਸ਼ਹਿਰ ਅੰਦਰ ਜੁੱਤੀਆਂ ਬਣਾਉਣ ਦਾ ਕੰਮ ਬਹੁਤ ਵੱਡੇ ਪੱਧਰ ਤੇ ਹੋਲਸੇਲ ਦੇ ਰੂਪ ਵਿਚ ਹੁੰਦਾ ਹੈ ਅਤੇ ਇਥੋਂ ਦੇਸ਼ ਭਰ ਅੰਦਰ ਪੰਜਾਬੀ ਜੁੱਤੀਆਂ  ਬਣਾ ਕੇ ਭੇਜੀਆਂ ਜਾਂਦੀਆਂ ਹਨ। ਇਸ ਕਾਰੋਬਾਰ ਵਿਚ ਕਈ ਵਾਰ ਮਜ਼ਦੂਰਾਂ ਤੋਂ ਗੁੰਡਾਗਰਦੀ ਨਾਲ ਕੰਮ ਕਰਵਾਏ ਜਾਣ ਦੇ ਦੋਸ਼ ਲੱਗ ਚੁੱਕੇ ਹਨ ਅਤੇ ਤਾਜਾ ਸਥਿਤੀ ਵਿਚ ਇਕ ਨੌਜਵਾਨ ਵਿੱਕੀ ਪੁੱਤਰ ਨਾਨਕ ਚੰਦ ਨੇ ਪੁਲਿਸ ਨੂੰ ਦਿੱਤੀ ਲਿਖਤੀ ਦਰਖਾਸਤ ਵਿਚ ਦੱਸਿਆ ਹੈ ਕਿ ਉਹ ਆਪਣੇ ਮਾਲਕ ਤੋਂ ਦੋ ਦਿਨ ਦੀ ਛੁੱਟੀ ਲੈ ਕੇ ਵਿਆਹ ਤੇ ਗਿਆ ਸੀ ਜਦ ਵਾਪਸ ਪਰਤਿਆ ਤਾਂ ਉਸਨੂੰ ਬੁਖਾਰ ਹੋ ਗਿਆ ਅਤੇ ਉਹ ਕੰਮ ਤੇ ਨਹੀ ਜਾ ਸਕਿਆ । ਇਸ ਤੇ ਖਫਾ ਹੋ ਕੇ ਉਸਦੇ ਮਾਲਕ ਜਬਰਦਸਤੀ ਉਸਨੂੰ ਘਰੋਂ ਚੁੱਕੇ ਕੇ ਲੈ ਗਏ ਅਤੇ ਪੂਰਾ ਦਿਨ ਸੰਗਲ ਨਾਲ ਬੰਨ ਕੇ ਭੁੱਖਾ ਪਿਆਸਾ ਰੱਖਿਆ । ਉਸ ਨਾਲ ਕੁੱਟਮਾਰ ਕਰਦਿਆਂ ਗਾਲੀ ਗਲੋਚ ਵੀ ਕੀਤੀ ਗਈ ਅਤੇ ਅਖੀਰ ਉਸਦੇ ਪਿਤਾ ਕੁਝ ਮੋਹਤਬਾਰ ਬੰਦਿਆਂ ਨੂੰ ਨਾਲ ਲੈ ਕੇ ਬੜੀ ਮੁਸ਼ਕਿਲ ਨਾਲ ਛੁਡਵਾ ਕੇ ਲਿਆਏ । ਵਿੱਕੀ ਨੇ ਇਸ ਸਬੰਧੀ ਥਾਣਾ ਸਿਟੀ ਪੁਲਿਸ ਨੂੰ 11 ਜੁਲਾਈ ਨੂੰ ਦਰਖਾਸਤ ਦਿੱਤੀ ਪਰ ਪੁਲਿਸ ਵੱਲੋਂ ਹਫਤੇ ਭਰ ਬਾਅਦ ਤੱਕ ਵੀ ਕੋਈ ਕਾਰਵਾਈ ਨਹੀ ਕੀਤੀ ਗਈ । ਵਿੱਕੀ ਅਨੁਸਾਰ ਉਕਤ ਵਿਅਕਤੀਆਂ ਉਪਰ ਗੁੰਡਾਗਰਦੀ ਦੇ ਪਹਿਲਾਂ ਵੀ ਕਈ ਪਰਚੇ ਦਰਜ ਹਨ ਅਤੇ ਉਚੀ ਪਹੁੰਚ ਸਦਕਾ ਪੁਲਿਸ ਵੀ ਉਹਨਾਂ ਨੂੰ ਕੁਝ ਨਹੀ ਕਹਿੰਦੀ । ਇਸ ਸਬੰਧੀ ਥਾਣਾ ਸਿਟੀ ਦੇ ਤਫਤੀਸ਼ੀ ਅਫਸਰ ਨਾਲ ਸੰਪਰਕ ਨਹੀ ਹੋ ਸਕਿਆ । ਪੀੜਤ ਨੌਜਵਾਨ ਵੱਲੋਂ ਅੱਜ ਸਮਾਜਸੇਵੀਆਂ ਦੀ ਮਦਦ ਨਾਲ ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ ਦੇ ਧਿਆਨ ਹਿੱਤ ਮਾਮਲਾ ਲਿਆਂਦਾ ਗਿਆ ਤਾਂ ਉਹਨਾਂ ਕਿਹਾ ਕਿ ਪੀੜਤ ਦੀ ਦਰਖਾਸਤ ਦੀ ਕਾਪੀ ਤੇ ਸਮਾਜਸੇਵੀਆਂ ਦੇ ਦਸਤਖਤ ਕਰਵਾ ਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤੀ  ਗਈ ਹੈ ਅਤੇ ਪੀੜਤ ਵਿੱਕੀ ਨੂੰ ਇਨਸਾਫ ਜਰੂਰ ਮਿਲੇਗਾ ।