ਪੁਲਿਸ ਵੱਲੋਂ 140 ਗ੍ਰਾਮ ਹੈਰੋਇਨ, 5 ਲੱਖ 32 ਹਜ਼ਾਰ ਡਰੱਗ ਮਨੀ ਅਤੇ 32 ਬੋਰ ਰਿਵਾਲਵਰ ਸਮੇਤ 3 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ
ਮਲੋਟ:- ਸੀ.ਆਈ.ਏ. ਤੇ ਥਾਣਾ ਸਿਟੀ ਮਲੋਟ ਪੁਲਿਸ ਨੇ ਸਵਿਫਟ ਕਾਰ 'ਚ ਸਵਾਰ 3 ਵਿਅਕਤੀਆਂ ਨੂੰ ਹੈਰੋਇਨ, ਸਮੈਕ, ਰਿਵਾਲਵਰ ਸਮੇਤ ਕਾਬੂ ਕੀਤਾ ਹੈ। ਜਦਕਿ ਕਾਰ 'ਚੋਂ 5,32,000 ਰੁਪਏ ਡਰੱਗ ਮਨੀ ਵੀ ਬਰਾਮਦ ਹੋਈ ਹੈ। ਪੁਲਿਸ ਨੇ ਉਕਤ ਤਿੰਨਾਂ ਦੋਸ਼ੀਆਂ ਖਿਲਾਫ ਥਾਣਾ ਸਿਟੀ ਮਲੋਟ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦਾ ਖੁਲਾਸਾ ਐਸ.ਪੀ.(ਡੀ) ਗੁਰਮੇਲ ਸਿੰਘ ਨੇ ਐੱਸ.ਐੱਸ.ਪੀ. ਦਫਤਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਐੱਸ.ਐੱਸ.ਪੀ. ਰਾਜਬਚਨ ਸਿੰਘ ਸੰਧੂ ਦੇ ਦਿਸ਼ਾਂ ਨਿਰਦੇਸ਼ ਅਨੁਸਾਰ ਗੁਰਮੇਲ ਸਿੰਘ ਐੱਸ.ਪੀ.(ਡੀ) ਅਤੇ ਮਨਮੋਹਨ ਸਿੰਘ ਔਲਖ ਉੱਪ ਕਪਤਾਨ ਪੁਲਿਸ ਮਲੋਟ ਦੀ ਅਗਵਾਈ ਹੇਠ ਇੰਸਪੈਕਟਰ ਪ੍ਰਤਾਪ ਸਿੰਘ ਸੀ.ਆਈ.ਏ. ਇੰਚਾਰਜ ਤੇ ਥਾਣਾ ਸਿਟੀ ਮਲੋਟ ਦੀ ਪੁਲਿਸ ਪਾਰਟੀ ਵਲੋਂ ਤਿਕੌਣੀ ਚੌਂਕ ਅਬੋਹਰ-ਮੁਕਤਸਰ ਮਲੋਟ ਵਿਖੇ ਸ਼ੱਕ ਦੇ ਅਧਾਰ 'ਤੇ ਇਕ ਸਵਿਫਟ ਕਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਕਾਰ 'ਚ ਬੈਠੇ ਬੇਅੰਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸ਼ਾਮ ਖੇੜਾ ਪਾਸੋਂ 40 ਗ੍ਰਾਮ ਹੈਰੋਇਨ ਤੇ ਇਕ ਰਿਵਾਲਵਰ 32 ਬੋਰ, 10 ਜ਼ਿੰਦਾ ਕਾਰਤੂਸ ਬਰਾਮਦ ਹੋਏ। ਕੰਡਕਟਰ ਸੀਟ 'ਤੇ ਬੈਠੇ ਹੋਏ ਸ਼ਿੰਦਰਪਾਲ ਸਿੰਘ ਉਰਫ ਸ਼ਿੰਦੂ ਪੁੱਤਰ ਜੀਤ ਸਿੰਘ ਵਾਸੀ ਸ਼ਾਮ ਖੇੜਾ ਪਾਸੋ 50 ਗ੍ਰਾਮ ਸਮੈਕ ਤੇ ਪਿਛਲੀ ਸੀਟ 'ਤੇ ਬੈਠੇ ਹੋਏ ਸਵਰਨਜੀਤ ਸਿੰਘ ਉਰਫ ਹੈਪੀ ਪੁੱਤਰ ਕਰਨੈਲ ਸਿੰਘ ਵਾਸੀ ਹਰਗੋਬਿੰਦ ਨਗਰ ਮਲੋਟ ਪਾਸੋਂ 50 ਗ੍ਰਾਮ ਹੈਰੋਇਨ, ਤਿੰਨਾਂ ਨੌਜਵਾਨਾਂ ਪਾਸੋਂ ਕੁੱਲ 140 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਸ ਸਬੰਧੀ ਅੱਗੇ ਕਾਰਵਾਈ ਕਰਦੇ ਹੋਏ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਕਾਰ ਦੇ ਡੈਸ਼ ਬੋਰਡ 'ਚੋਂ 5,32,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਜਿਸ ਸਬੰਧੀ ਮੁੱਕਦਮਾ ਅਸਲਾ ਐਕਟ ਥਾਣਾ ਸਿਟੀ ਮਲੋਟ ਦਰਜ ਕਰਕੇ ਉਕਤਾਨ ਤਿੰਨਾਂ ਵਿਅਕਤੀਆਂ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।