ਗਿੱਦੜਬਾਹਾ:- ਗਿੱਦੜਬਾਹਾ ਦੇ ਬਾਦਲ ਰੋਡ ' ਤੇ ਲੋਕਾਂ ਵਲੋਂ ਇਕ ਨੌਜਵਾਨ ਦੀ ਚੋਰ ਹੋਣ ਦੇ ਸ਼ੱਕ ਵਿਚ ਬੇਰਹਿਮੀ ਨਾਲ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਦੌਰਾਨ ਚੋਰ ਨਾ ਪਾਏ ਜਾਣ ' ਤੇ ਬਾਅਦ ਵਿਚ ਲੋਕਾਂ ਨੇ ਉਸ ਨੂੰ ਛੱਡ ਦਿੱਤਾ । ਨੌਜਵਾਨ ਦੇ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ' ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਘਟਨਾ ਬਾਰੇ ਪੜਤਾਲ ਕਰਨ ' ਤੇ ਪਤਾ ਲੱਗਾ ਕਿ ਨੌਜਵਾਨ ਚੋਰ ਨਹੀਂ ਹੈ , ਸਗੋਂ ਕਿਸੇ ਵਿਆਹ ਦੇ ਪ੍ਰੋਗਰਾਮ ' ਚੋਂ ਆਇਆ ਸੀ , ਜਿਸ ਨੂੰ ਲੋਕਾਂ ਨੇ ਮੋਟਰਸਾਈਕਲ ਚੋਰ ਸਮਝ ਕੇ ਬੰਨ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਕੁੱਝ ਵਿਅਕਤੀਆਂ ਨੇ ਦੱਸਿਆ ਕਿ ਲੋਕਾਂ ਨੂੰ ਲੱਗਾ ਕਿ ਨੌਜਵਾਨ ਚੋਰ ਹੈ ਤੇ ਮੋਟਰਸਾਈਕਲ ਚੋਰੀ ਕਰਨ ਆਇਆ ਹੈ , ਜਿਸ ਦੇ ਸ਼ੱਕ ਦੇ ਆਧਾਰ ' ਤੇ ਕੁੱਝ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ ਸੀ । ਉਨ੍ਹਾਂ ਦੱਸਿਆ ਕਿ ਬਾਅਦ ਵਿਚ ਬੇਕਸੂਰ ਪਾਏ ਜਾਣ ' ਤੇ ਉਕਤ ਨੌਜਵਾਨ ਨੂੰ ਛੱਡ ਦਿੱਤਾ ਗਿਆ । ਪਤਾ ਲੱਗਾ ਹੈ ਕਿ ਕੁੱਟਮਾਰ ਦਾ ਸ਼ਿਕਾਰ ਹੋਇਆ ਉਕਤ ਨੌਜਵਾਨ ਕੁਲਵਿੰਦਰ ਸਿੰਘ ( 26 ) ਪੁੱਤਰ ਜਸਕਰਨ ਸਿੰਘ ਪਿੰਡ ਰਾਈਕੇ ਕਲਾਂ ਦਾ ਵਾਸੀ ਹੈ ਅਤੇ ਉਹ ਵਿਆਹ ਸਮਾਗਮ ਵਿਚੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ , ਤਾਂ ਲੋਕਾਂ ਨੇ ਉਸ ਨੂੰ ਮੋਟਰਸਾਈਕਲ ਚੋਰੀ ਕਰਨ ਵਾਲਾ ਚੋਰ ਸਮਝ ਲਿਆ , ਜਿਸ ਤੋਂ ਬਾਅਦ ਉਨ੍ਹਾਂ ਨੇ ਉਸਦੇ ਹੱਥ ਅਤੇ ਪੈਰ ਬੰਨ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ , ਪਰ ਇਸ ਸਬੰਧੀ ਨਾ ਹੀ ਤਾਂ ਕਿਸੇ ਨੇ ਕੋਈ ਗਿੱਦੜਬਾਹਾ ਥਾਣੇ ਵਿਚ ਆਪਣੀ ਸ਼ਿਕਾਇਤ ਹੀ ਕਰਵਾਈ ਹੈ ਅਤੇ ਨਾ ਹੀ ਸਿਵਲ ਹਸਪਤਾਲ ਗਿੱਦੜਬਾਹਾ ਤੋਂ ਇਸ ਸਬੰਧੀ ਕੋਈ ਜਾਣਕਾਰੀ ਮਿਲ ਸਕੀ ਹੈ । ਇਸ ਸਬੰਧੀ ਜਦੋਂ ਐਸ . ਪੀ . ( ਡੀ ) ਗੁਰਮੇਲ ਸਿੰਘ ਸ੍ਰੀ ਮੁਕਤਸਰ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਹੈ , ਪਰ ਅਜੇ ਤੱਕ ਇਸ ਸਬੰਧੀ ਕਿਸੇ ਵਲੋਂ ਵੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ।