ਕਿਸਾਨਾਂ ਲਈ ਅਹਿਮ ਖਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ

ਆਉਣ ਵਾਲੇ ਦਿਨਾਂ ਵਿਚ ਪਰਾਲੀ ਪ੍ਰਬੰਧਨ ਲਈ ਪੰਜਾਬ ਸਰਕਾਰ ਨੇ ਕਮਰ ਕੱਸ ਲਈ ਹੈ। ਸੂਬੇ ਨੂੰ ਪਰਾਲੀ ਸਾੜਨ ਤੋਂ ਮੁਕਤ ਕਰਨ ਦੇ ਮਕਸਦ ਨਾਲ ਪੰਜਾਬ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਨੇ ਮੌਜੂਦਾ ਵਿੱਤੀ ਸਾਲ ਵਿਚ ਪਹਿਲੇ ਪੜਾਅ ਅਧੀਨ ਕਿਸਾਨਾਂ ਨੂੰ ਨਵੀਂਆਂ ਮਸ਼ੀਨਾਂ ਸਬਸਿਡੀ ’ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਜਿਥੇ ਸੂਬੇ ਭਰ ਵਿਚ 28000 ਤੋਂ ਵੱਧ ਖੇਤੀ ਮਸ਼ੀਨਾਂ/ਸੰਦ ਮੁਹੱਈਆ ਕਰਵਾਉਣ ਲਈ ਵਿਆਪਕ ਪੱਧਰ ’ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 278 ਕਰੋੜ ਰੁਪਏ ਦੀ ਸਬਸਿਡੀ ਨਾਲ ਮੁਹੱਈਆ ਕਰਵਾਏ ਜਾ ਰਹੇ ਇਹ ਖੇਤੀ ਸੰਦ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਖਪਾਉਣ ਲਈ ਸਹਾਈ ਹੋਣਗੇ। ਉਨ੍ਹਾਂ ਦੱਸਿਆ ਕਿ ਜ਼ਿਲਹਾ ਫਾਜ਼ਿਲਕਾ ਵਿਚ ਇਸ ਸਾਲ ਪਰਾਲੀ ਪ੍ਰਬੰਧਨ ਲਈ ਲੋੜੀਂਦੀਆਂ ਮਸ਼ੀਨਾਂ ਖਰੀਦਣ ਲਈ ਸਬਸਿਡੀ ਲੈਣ ਲਈ 305 ਕਿਸਾਨਾਂ ਦੀਆਂ ਅਰਜ਼ੀਆਂ ਵਿਭਾਗ ਨੇ ਪ੍ਰਵਾਨ ਕਰ ਲਈਆਂ ਹਨ ਜਦ ਕਿ 228 ਹੋਰ ਮਸ਼ੀਨਾਂ ਸਬੰਧੀ ਕਿਸਾਨ ਸਮੂਹਾਂ ਦੀਆਂ ਅਰਜ਼ੀਆਂ ਵੀ ਪ੍ਰਵਾਨ ਕਰਕੇ ਸਪਲਾਈ ਆਰਡਰ ਜਾਰੀ ਕੀਤੇ ਗਏ ਹਨ।