ਪੰਜਾਬ ਵਿੱਚ ਅਗਲੇ 2 ਦਿਨਾਂ ਲਈ ਭਿਆਨਕ ਠੰਡ ਦੀ ਚਿਤਾਵਨੀ ਜਾਰੀ ਕਰਦਿਆਂ ਮੌਸਮ ਵਿਭਾਗ ਵੱਲੋਂ 'ਰੈੱਡ ਅਲਰਟ’ ਜਾਰੀ

ਮਲੋਟ (ਪੰਜਾਬ): ਪੰਜਾਬ ਵਿੱਚ ਅਗਲੇ 2 ਦਿਨਾਂ ਲਈ ਭਿਆਨਕ ਠੰਡ ਦੀ ਚਿਤਾਵਨੀ ਜਾਰੀ ਕਰਦਿਆਂ ਮੌਸਮ ਵਿਭਾਗ ਨੇ ਫਿਰ ਤੋਂ 'ਰੈੱਡ ਅਲਰਟ’ ਦਾ ਐਲਾਨ ਕੀਤਾ ਹੈ। ਸੂਬੇ ਵਿੱਚ ਪਿਛਲੇ 2-3 ਦਿਨ ਧੁੱਪ ਨਿਕਲਣ ਕਾਰਨ ਦੁਪਹਿਰ ਸਮੇਂ ਰਾਹਤ ਮਿਲਣੀ ਸ਼ੁਰੂ ਹੋਈ ਸੀ, ਪਰ ਹੁਣ ਪੰਜਾਬ ਦੇ ਜਿਆਦਾਤਰ ਜਿਲ੍ਹਿਆਂ ਵਿੱਚ ਪੂਰਾ ਦਿਨ ਧੁੱਪ ਨਹੀਂ ਨਿਕਲੀ ਅਤੇ ਸੀਤ ਲਹਿਰ ਕਾਰਨ ਠੰਡ ਦਾ ਪੂਰਾ ਜ਼ੋਰ ਚੱਲ ਰਿਹਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਠੰਡ ਤੋਂ ਰਾਹਤ ਮਿਲਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਸੀ, ਉਹ ਹੁਣ ਟੁੱਟ ਚੁੱਕਾ ਹੈ। ਇਸੇ ਕਾਰਨ ਓਰੇਂਜ ਅਤੇ ਯੈਲੋ ਅਲਰਟ ਹੁਣ ਰੈੱਡ ਅਲਰਟ ਵਿਚ ਬਦਲ ਚੁੱਕਾ ਹੈ।

ਅਗਲੇ 2 ਦਿਨਾਂ ਤੱਕ ਪੰਜਾਬ ਦੇ ਜਿਆਦਾਤਰ ਜਿਲ੍ਹੇ ਰੈੱਡ ਅਲਰਟ ਜੋਨ ਵਿੱਚ ਰਹਿਣਗੇ। ਮੌਸਮ ਵਿੱਚ ਹੋਏ ਫੇਰਬਦਲ ਕਾਰਨ ਠੰਡ ਫਿਰ ਤੋਂ ਭਿਆਨਕ ਰੂਪ ਧਾਰਨ ਕਰ ਰਹੀ ਹੈ, ਜਿਸ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗਾ ਹੈ। ਇਸੇ ਸਿਲਸਿਲੇ ਵਿੱਚ ਆਉਣ ਵਾਲੇ 2-3 ਦਿਨਾਂ ਦੌਰਾਨ ਭਾਰੀ ਧੁੰਦ ਪੈਣ ਦੀ ਚਿਤਾਵਨੀ ਜਾਰੀ ਕਰਦਿਆਂ ਮੌਸਮ ਵਿਭਾਗ ਵੱਲੋਂ ਸਾਵਧਾਨ ਰਹਿਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿੱਚ ਹਾਈਵੇ ਤੇ ਵਾਹਨ ਚਲਾਉਂਦੇ ਸਮੇਂ ਵਿਸ਼ੇਸ਼ ਸਾਵਧਾਨੀਆਂ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ ਅਤੇ ਬਿਨ੍ਹਾਂ ਕੰਮ ਤੋਂ ਘਰ ਤੋਂ ਬਾਹਰ ਨਾ ਜਾਣ ਦੀ ਅਪੀਲ ਕੀਤੀ ਗਈ ਹੈ। Author: Malout Live