ਜਿਲ੍ਹੇ ਦੀ ਹਦੂਦ ਅੰਦਰ ਪ੍ਰਾਈਵੇਟ ਨਜਾਇਜ਼ ਕੈਟਲ ਮਾਰਕੀਟ ਲਗਾਉਣ ਤੇ ਜਿਲ੍ਹਾ ਮੈਜਿਸਟਰੇਟ ਨੇ ਲਗਾਈ ਪਾਬੰਦੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਹਰਪ੍ਰੀਤ ਸਿੰਘ ਸੂਦਨ ਜਿਲ੍ਹਾ ਮੈਜਿਸਟਰੇਟ ਸ਼੍ਰੀ ਮੁਕਤਸਰ ਸਾਹਿਬ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਾਈਵੇਟ ਨਜਾਇਜ਼ ਕੈਟਲ ਮਾਰਕੀਟ ਲਗਾਉਣ ਤੇ ਪੂਰਨ ਤੌਰ ਤੇ ਰੋਕ ਲਗਾ ਦਿੱਤੀ ਹੈ।
ਜਿਲ੍ਹਾ ਮੈਜਿਸਟਰੇਟ ਦੇ ਹੁਕਮ ਅਨੁਸਾਰ ਕੁੱਝ ਵਪਾਰੀਆਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਾਈਵੇਟ ਨਜਾਇਜ਼ ਕੈਟਲ ਮਾਰਕੀਟ ਲਗਾਈਆਂ ਜਾ ਰਹੀਆਂ ਹਨ। ਬਿਨ੍ਹਾਂ ਫੀਸ ਅਦਾ ਕੀਤੇ ਪਸ਼ੂ ਬਾਹਰਲੇ ਰਾਜਾਂ ਨੂੰ ਲਿਜਾਏ ਜਾਣਾ ਗੈਰ-ਕਾਨੂੰਨੀ ਹੈ। ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਜੇਕਰ ਕੋਈ ਵਿਅਕਤੀ ਪ੍ਰਾਈਵੇਟ ਨਜਾਇਜ਼ ਕੈਟਲ ਮਾਰਕੀਟ ਲਗਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ 15 ਦਸੰਬਰ 2024 ਤੱਕ ਲਾਗੂ ਰਹਿਣਗੇ। Author : Malout Live