ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਗਰਮੀ ਅਤੇ ਲੂਅ ਦੇ ਮਰੀਜ਼ਾਂ ਲਈ ਕੀਤੇ ਗਏ ਹਨ ਢੁੱਕਵੇਂ ਪ੍ਰਬੰਧ-ਡਾ. ਪ੍ਰਭਜੀਤ ਸਿੰਘ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਾ. ਪ੍ਰਭਜੀਤ ਸਿੰਘ ਕਾਰਜਕਾਰੀ ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ ਗਿੱਦੜਬਾਹਾ ਦਾ ਦੌਰਾ ਕੀਤਾ ਗਿਆ ਅਤੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਵੱਲੋਂ ਜੱਚਾ-ਬੱਚਾ ਵਾਰਡ, ਸਰਜਰੀ ਵਾਰਡ, ਓਟ ਕਲੀਨਿਕ, ਲੈਬੋਰਟਰੀ ਅਤੇ ਵੱਖ-ਵੱਖ ਓ.ਪੀ.ਡੀ. ਸੇਵਾਵਾਂ ਦਾ ਜਾਇਜ਼ਾ ਲਿਆ ਗਿਆ ਅਤੇ ਸਿਵਲ ਹਸਪਤਾਲ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਤਸੱਲੀ ਪ੍ਰਗਟ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਗਰਮੀ ਕਾਰਨ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਗਰਮੀ ਅਤੇ ਲੂਅ ਦੇ ਮਰੀਜ਼ਾਂ ਲਈ 4 ਬੈੱਡ ਰਾਖਵੇਂ ਰੱਖੇ ਗਏ ਹਨ ਤਾਂ ਜੋ ਗਰਮੀ ਅਤੇ ਲੂਅ ਨਾਲ ਪ੍ਰਭਾਵਿਤ ਮਰੀਜ਼ਾਂ ਦਾ ਤੁਰੰਤ ਇਲਾਜ ਕੀਤਾ ਜਾ ਸਕੇ।
ਸਿਵਲ ਹਸਪਤਾਲ ਦੀ ਓ.ਪੀ.ਡੀ. ਦੇ ਕੋਲ ਵਿਸ਼ੇਸ਼ ਓ.ਆਰ.ਐੱਸ ਕਾਰਨਰ ਬਣਾਇਆ ਗਿਆ ਹੈ। ਜਿੱਥੇ ਕਿ ਆਉਣ ਵਾਲੇ ਲੋਕਾਂ ਨੂੰ ਓ.ਆਰ.ਐੱਸ ਦੀ ਮਹੱਤਤਾ ਬਾਰੇ ਦੱਸ ਕੇ ਓ.ਆਰ.ਐੱਸ ਮੁਫਤ ਦਿੱਤੇ ਜਾ ਰਹੇ ਹਨ। ਇਸ ਮੌਕੇ ਡਾ. ਰਛਮੀ ਚਾਵਲਾ ਸੀਨੀਅਰ ਮੈਡੀਕਲ ਅਫਸਰ ਗਿੱਦੜਬਾਹਾ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਅਤੇ ਸਟਾਫ ਦੀ ਘਾਟ ਹੋਣ ਦੇ ਬਾਵਜੂਦ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਉਪਲੱਬਧ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਆਉਣ ਵਾਲੇ ਲੋਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਯੋਗ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਡਾ. ਰਛਮੀ ਚਾਵਲਾ ਐੱਸ.ਐੱਮ.ਓ ਗਿੱਦੜਬਾਹਾ ਅਤੇ ਹਸਪਤਾਲ ਦੇ ਸਟਾਫ ਹਾਜ਼ਿਰ ਸਨ। Author : Malout Live