ਬੇਰੁਜ਼ਗਾਰ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਦੀ ਸਿਹਤ ਮੰਤਰੀ ਨਾਲ ਬੇਰੁਜ਼ਗਾਰਾਂ ਦੀਆ ਮੰਗਾਂ ਨੂੰ ਲੈ ਕੇ ਹੋਈ ਮੀਟਿੰਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਭਵਨ ਚੰਡੀਗੜ੍ਹ ਵਿਖੇ ਓਵਰਏਜ਼ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਦੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਮੀਟਿੰਗ ਹੋਈ। ਇਸ ਦੌਰਾਨ ਸਿਹਤ ਮੰਤਰੀ ਨੂੰ ਬੇਨਤੀ ਕੀਤੀ ਗਈ ਕਿ ਉਮਰ ਹੱਦ ਵਾਲੇ ਮਸਲੇ ਤੇ ਮੁੱਖ ਮੰਤਰੀ ਨੂੰ ਸਿਫ਼ਾਰਿਸ਼ ਕਰਨ ਅਤੇ ਜਦੋਂ ਉਮਰ ਹੱਦ ਵਾਲਾ ਮਸਲਾ ਕੈਬਨਿਟ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇ ਤਾਂ ਸਾਥ ਦਿੱਤਾ ਜਾਵੇ ਕਿਉਂਕਿ ਸਿਹਤ ਵਿਭਾਗ ਦੀਆਂ ਭਰਤੀਆਂ ਲਈ ਵੀ ਕਾਫ਼ੀ ਸਾਥੀ ਓਵਰਏਜ਼ ਹੋ ਚੁੱਕੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਬੇਰੁਜ਼ਗਾਰ ਮਲਟੀਪਰਪਜ਼ ਹੈੱਲਥ ਵਰਕਰ ਅਤੇ ਆਯੁਰਵੈਦ ਡੀ ਫਾਰਮੇਸੀ ਉਪਵੇਦਾਂ ਦੀਆਂ ਮੰਗਾਂ ਤੋਂ ਜਾਣੂੰ ਕਰਵਾਇਆ ਗਿਆ। ਇਨ੍ਹਾਂ ਯੂਨੀਅਨਾਂ ਦੀ ਮੁੱਖ ਮੰਗ ਸਿਹਤ ਵਿਭਾਗ ਵਿੱਚ ਖ਼ਾਲੀ ਪਈਆਂ ਅਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇ। ਸਿਹਤ ਮੰਤਰੀ ਨੂੰ ਬੇਨਤੀ ਕੀਤੀ ਗਈ ਕਿ ਸਿਹਤ ਵਿਭਾਗ ਨਾਲ ਸੰਬੰਧਿਤ ਇਹਨਾਂ ਬੇਰੁਜ਼ਗਾਰ ਯੂਨੀਅਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਪੇਨਲ ਮੀਟਿੰਗ ਦਿੱਤੀ ਜਾਵੇ। ਮੰਤਰੀ ਸਾਹਿਬ ਨੇ ਉਮਰ ਹੱਦ ਵਾਲੀ ਮੰਗ ਤੇ ਸਾਥ ਦੇਣ ਅਤੇ ਯੂਨੀਅਨਾਂ ਨੂੰ ਜਲਦੀ ਮੀਟਿੰਗ ਦੇਣ ਦਾ ਭਰੋਸਾ ਦਿੱਤਾ। Author: Malout Live