ਕਿਸੇ ਵੀ ਵਿਅਕਤੀ ਨੂੰ ਕੰਮ ਤੇ ਜਾਂ ਕਿਰਾਏਦਾਰ ਰੱਖਣ ਤੋਂ ਪਹਿਲਾਂ ਸਬੰਧਿਤ ਬਾਰੇ ਜਾਣਕਾਰੀ ਪੁਲਿਸ ਕੋਲ ਦਰਜ ਕਰਾਉਣੀ ਜ਼ਰੂਰੀ:- ਜ਼ਿਲ੍ਹਾ ਪੁਲਿਸ ਮੁਖੀ ਸ ਰਾਜਬਚਨ ਸਿੰਘ ਸੰਧੂ

ਸ੍ਰੀ ਮੁਕਤਸਰ ਸਾਹਿਬ:- ਐੱਸ.ਐੱਸ.ਪੀ ਸ. ਸ.ਰਾਜਬਚਨ ਸਿੰਘ ਸੰਧੂ ਜੀ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਖੇਤਰ ਵਿੱਚ ਰਹਿੰਦੇ ਆਮ ਲੋਕਾਂ, ਮਕਾਨ ਮਾਲਕਾਂ, ਮਕਾਨਾਂ ਉਪਰ ਕਾਬਜ਼ ਵਿਅਕਤੀਆਂ, ਫੈਕਟਰੀਆਂ ਦੇ ਮਾਲਕਾਂ, ਵੱਖ-ਵੱਖ ਵਿੱਤੀ ਅਦਾਰਿਆਂ ਦੇ ਮਾਲਕਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਨੌਕਰ, ਡਰਾਈਵਰ, ਚੌਕੀਦਾਰ, ਮਾਲੀ, ਕਿਰਾਏਦਾਰ ਆਦਿ ਰੱਖਣ ਵੇਲੇ ਉਨ੍ਹਾਂ ਦੇ ਪਿਛੋਕੜ ਬਾਰੇ ਜ਼ਰੂਰ ਜਾਣਨਾ ਯਕੀਨੀ ਬਣਾਉਣ । ਉਨ੍ਹਾਂ ਕਿਹਾ ਕਿ ਨੌਕਰੀ ਜਾਂ ਕਿਰਾਏ ਤੇ ਰੱਖਣ ਤੋਂ ਪਹਿਲਾਂ ਸਬੰਧਤ ਵਿਅਕਤੀ ਜਾਂ ਪਰਿਵਾਰ ਤੋਂ ਮੁਕੰਮਲ ਰਿਹਾਇਸ਼ੀ, ਪਤਾ, ਫੋਟੋ ਲੈਂਡਲਾਈਨ ਜਾਂ ਮੋਬਾਈਲ ਨੰਬਰ, ਸ਼ਨਾਖ਼ਤੀ ਆਧਾਰ ਕਾਰਡ ਹਾਸਿਲ ਕਰਕੇ ਸੰਬੰਧਤ ਪੁਲਿਸ ਚੌਕੀ/ਥਾਣਾ ਵਿੱਚ ਤੁਰੰਤ ਦਰਜ ਕਰਵਾਉਣਾ ਜ਼ਰੂਰੀ ਤਾਂ ਜੋ ਸਬੰਧਿਤ ਵਿਅਕਤੀ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਲੰਘਣਾ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ । ਉਨ੍ਹਾਂ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਕਾਫ਼ੀ ਲੋਕ ਬਾਹਰਲਿਆਂ ਸੂਬਿਆਂ ਤੋਂ ਆ ਕੇ ਵਸੇ ਹੋਏ ਹਨ ਅਤੇ ਵੱਖ-ਵੱਖ ਵਪਾਰਕ ਕੰਪਨੀਆਂ, ਵਿੱਤੀ ਅਦਾਰਿਆਂ ਅਤੇ ਰੋਜ਼ਾਨਾ ਪੱਧਰ ਤੇ ਨਕਦੀ ਆਦਿ ਇਕੱਤਰ ਕਰਨ ਅਤੇ ਸੰਭਾਲਣ ਆਦਿ ਦਾ ਕੰਮ ਕਰਦੇ ਹਨ, ਕੁਝ ਲੋਕ ਘਰੇਲੂ ਕੰਮਾਂ ਕਾਰਾਂ ਵਿੱਚ ਵੀ ਹੱਥ ਵਟਾਉਂਦੇ ਹਨ ਅਜਿਹੇ ਵਿਅਕਤੀਆਂ ਨੂੰ ਕੰਮ ਜਾਂ ਕਿਰਾਏ ਤੇ ਰੱਖਣ ਤੋਂ ਪਹਿਲਾਂ ਕੋਈ ਵੀ ਜਾਣਕਾਰੀ ਲੈਣੀ ਜ਼ਰੂਰੀ ਨਹੀਂ ਸਮਝੀ ਜਾਂਦੀ ਜਿਸ ਕਾਰਨ ਅਜਿਹੇ ਲੋਕ ਮਾਲਕਾਂ ਦਾ ਵਿਸ਼ਵਾਸ ਜਿੱਤ ਕੇ ਵੱਡੀ ਲੁੱਟ ਮਾਰ ਕਰ ਲੈਂਦੇ ਹਨ ਅਤੇ ਕਈ ਵਾਰੀ ਮਾਲਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ ਜਿਸ ਕਾਰਨ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ।