ਜ਼ਮੀਨ ਦੀ ਸਿਹਤ ਸੁਧਾਰ ਲਈ ਮਿੱਟੀ ਦੀ ਪਰਖ ਜ਼ਰੂਰ ਕਰਵਾਓ- ਮੁੱਖ ਖੇਤੀਬਾੜੀ ਅਫ਼ਸਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਜ਼ਮੀਨ ਦੀ ਸਿਹਤ ਸੰਭਾਲ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸ੍ਰੀ ਜਸਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਮਿੱਟੀ ਪਾਣੀ ਪਰਖ ਕਰਵਾਉਣ ਤੇ ਜ਼ਮੀਨ ਵਿੱਚ ਉਪਲਬਧ ਜੈਵਿਕ ਕਾਰਬਨ ਅਤੇ ਹੋਰ ਉਪਲਬਧ ਤੱਤਾਂ ਦੇ ਨਾਲ-ਨਾਲ ਜਮੀਨ ਦੇ ਤੇਜਾਬੀਪਨ/ਖਾਰੇਪਨ ਅਤੇ ਲੂਣਾਂ ਦੀ ਮਾਤਰਾ ਬਾਰੇ ਵੀ ਪਤਾ ਲੱਗਦਾ ਹੈ।
ਇਸ ਸੰਬੰਧੀ ਉਨ੍ਹਾਂ ਦੱਸਿਆ ਕਿ ਮਿੱਟੀ ਪਰਖ ਲਈ ਮਿੱਟੀ ਦਾ ਸੈਪਲ ਲੈਣ ਲਈ ਧਰਤੀ ਦੀ ਸਤ੍ਹਾ ਤੋਂ ਘਾਹ-ਫੂਸ ਹਟਾਉਣ ਤੋਂ ਬਾਅਦ ਖੁਰਪੇ ਜਾਂ ਕਹੀ ਨਾਲ ਅੰਗਰੇਜੀ ਦੇ ਅੱਖਰ 'V' ਵਾਂਗ 6 ਇੰਚ ਡੂੰਘਾ ਕੱਟ ਲਗਾਉਣ। ਇਸ ਟੱਕ ਦੇ ਇੱਕ ਪਾਸਿਓ ਲੱਗਭਗ 1 ਇੰਚ ਮੋਟੀ ਤਹਿ ਉਤਾਰ ਲਓ। ਇਸ ਮਿੱਟੀ ਨੂੰ ਸਾਫ ਬਾਲਟੀ, ਤਸਲੇ ਜਾਂ ਕੱਪੜੇ 'ਤੇ ਚੰਗੀ ਤਰ੍ਹਾਂ ਮਿਲਾ ਲਓ। ਇਸ ਵਿੱਚੋਂ ਲਗਭੱਗ ਅੱਧਾ ਕਿਲੋ ਮਿੱਟੀ ਲੈ ਕੇ ਸਾਫ ਕੱਪੜੇ ਦੀ ਥੈਲੀ ਵਿੱਚ ਪਾ ਲਓ ਅਤੇ ਖੇਤ ਨੰਬਰ, ਕਿਸਾਨ ਦਾ ਨਾਮ, ਪਤਾ ਅਤੇ ਮਿਤੀ ਦਰਜ ਕਰ ਦਿਓ। ਮਿੱਟੀ ਪਰਖ ਦੇ ਸੰਪਲਾਂ ਸੰਬੰਧੀ ਖੇਤੀਬਾੜੀ ਵਿਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ 12500 ਸੈਂਪਲਾਂ ਦਾ ਟੀਚਾ ਪ੍ਰਾਪਤ ਹੋਇਆ ਹੈ। ਇਹ ਸੈਂਪਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਇੱਕਤਰ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਕਿਸਾਨ ਆਪਣੇ ਪੱਧਰ ਤੇ ਵੀ ਮਿੱਟੀ ਦੇ ਸੈਂਪਲ ਇੱਕਤਰ ਕਰਕੇ ਵਿਭਾਗ ਦੀਆਂ ਮਿੱਟੀ ਪਰਖ ਪ੍ਰਯੋਗਸ਼ਾਲਾ ਵਿੱਚ ਜਮ੍ਹਾਂ ਕਰਵਾ ਸਕਦੇ ਹਨ। Author : Malout Live