ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਰਜੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ- ਡਿਪਟੀ ਕਮਿਸ਼ਨਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਦੇਸ਼ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਯੋਜਨਾ ਅਧੀਨ ਸ਼ਾਨਦਾਰ ਪ੍ਰਾਪਤੀਆਂ ਵਾਲੇ ਹੋਣਹਾਰ ਅਤੇ ਬਹਾਦਰ ਬੱਚਿਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਣਾ ਹੈ। ਕੋਈ ਵੀ ਬੱਚਾ ਜਿਸ ਦੀ ਉਮਰ 5 ਸਾਲ ਤੋਂ 18 ਸਾਲ (31 ਜੁਲਾਈ 2024 ਤੱਕ) ਹੋਵੇ, ਜੋ ਭਾਰਤੀ ਨਾਗਰਿਕ ਹੋਵੇ ਅਤੇ ਵਿੱਚ ਰਹਿ ਰਿਹਾ ਹੋਵੇ, ਇਸ ਪੁਰਸਕਾਰ ਲਈ ਅਰਜੀ ਦੇ ਸਕਦਾ ਹੈ।
ਇਹ ਅਰਜੀਆਂ ਸਿਰਫ ਆਨਲਾਈਨ ਪੋਰਟਲ https://Awards.gov.in ਤੇ ਪ੍ਰਾਪਤ ਕੀਤੀਆਂ ਜਾਣੀਆਂ ਹਨ। ਉਨ੍ਹਾਂ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਪਲਾਈ ਕਰਨ ਲਈ ਅਰਜੀਆਂ ਸਿਰਫ ਆਨਲਾਈਨ ਪੋਰਟਲ ਰਾਹੀਂ ਮਿਤੀ 31 ਜੁਲਾਈ 2024 ਤੱਕ ਭਰੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 5 ਤੋਂ 18 ਸਾਲ ਤੱਕ ਦੀ ਉਮਰ ਵਾਲੇ ਹੋਣਹਾਰ ਬੱਚੇ ਜਿੰਨ੍ਹਾਂ ਨੇ ਸੱਭਿਆਚਾਰ ਅਤੇ ਨਵੀਨਤਾ, ਖੇਡਾਂ, ਸਮਾਜ-ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਨ ਅਤੇ ਕਲਾ ਦੇ ਖੇਤਰਾਂ ਵਿੱਚ ਸਮਾਜ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ, ਉਹ ਰਾਸ਼ਟਰੀ ਪੱਧਰ 'ਤੇ ਮਾਨਤਾ ਦੇ ਹੱਕਦਾਰ ਹਨ। Author : Malout Live