ਮਲੋਟ ਹਲਕੇ ਵਿੱਚ ਮੀਂਹ ਅਤੇ ਗੜ੍ਹੇਮਾਰੀ ਨਾਲ ਝੋਨੇ ਦੀ ਫ਼ਸਲ ਦੇ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ
ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਮਲੋਟ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਧਿਕਾਰੀਆਂ ਦੀ ਟੀਮ ਸਮੇਤ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਪਿੰਡ ਅਬੁਲਖੁਰਾਣਾ, ਰੱਥੜੀਆਂ, ਦਾਨੇਵਾਲਾ ਸਮੇਤ ਹੋਰ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਮਲੋਟ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਧਿਕਾਰੀਆਂ ਦੀ ਟੀਮ ਸਮੇਤ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਪਿੰਡ ਅਬੁਲਖੁਰਾਣਾ, ਰੱਥੜੀਆਂ, ਦਾਨੇਵਾਲਾ ਸਮੇਤ ਹੋਰ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਜਾਣਕਾਰੀ ਅਨੁਸਾਰ, ਮਲੋਟ ਹਲਕੇ ਦੇ ਲਗਭਗ 8 ਤੋਂ 9 ਪਿੰਡਾਂ ਵਿੱਚ ਤਕਰੀਬਨ 1600 ਏਕੜ ਰਕਬਾ ਇਸ ਕੁਦਰਤੀ ਆਫ਼ਤ ਕਾਰਨ ਪ੍ਰਭਾਵਿਤ ਹੋਇਆ ਹੈ। ਦੌਰੇ ਦੌਰਾਨ ਕਿਸਾਨਾਂ ਨੇ ਮੰਤਰੀ ਦੇ ਸਾਹਮਣੇ ਪਿਛਲੇ ਸਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਅਜੇ ਤੱਕ ਨਾ ਮਿਲਣ ਸੰਬੰਧੀ ਆਪਣਾ ਰੋਸ ਪ੍ਰਗਟਾਇਆ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੌਕੇ ’ਤੇ ਮੌਜੂਦ ਏ.ਡੀ.ਸੀ, ਐੱਸ.ਡੀ.ਐਮ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨੁਕਸਾਨ ਦੀ ਗਿਰਦਾਵਰੀ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇ ਅਤੇ ਕੋਈ ਵੀ ਪੀੜ੍ਹਿਤ ਕਿਸਾਨ ਮੁਆਵਜ਼ੇ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਭਰੋਸਾ ਦਿੱਤਾ ਕਿ ਜਿੱਥੇ ਫ਼ਸਲ ਦਾ 100 ਫ਼ੀਸਦੀ ਨੁਕਸਾਨ ਹੋਇਆ ਹੈ, ਉੱਥੇ ਗਿਰਦਾਵਰੀ ਵਿੱਚ ਵੀ ਨੁਕਸਾਨ 100 ਫ਼ੀਸਦੀ ਹੀ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਿਛਲੇ ਸੀਜ਼ਨ ਦਾ ਰਹਿੰਦਾ ਮੁਆਵਜ਼ਾ ਵੀ ਜਲਦ ਦਵਾਉਣ ਲਈ ਯਤਨ ਕੀਤੇ ਜਾਣਗੇ। ਫ਼ਸਲ ਦੇ ਨੁਕਸਾਨ ਕਾਰਨ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਕਿਸਾਨ ਦਾ ਜ਼ਮੀਨ ਮਾਲਕ ਵੱਲੋਂ ਉਸ ਦਾ ਜ਼ਮੀਨ ਦਾ ਠੇਕਾ ਮੁਆਫ਼ ਕਰ ਦਿੱਤਾ ਗਿਆ। ਇਸ ਕਦਮ ਨੂੰ ਕਿਸਾਨੀ ਸੰਕਟ ਦੇ ਸਮੇਂ ਆਪਸੀ ਸਹਿਯੋਗ ਦੀ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਐੱਸ.ਡੀ.ਐਮ ਪੰਕਜ ਕੁਮਾਰ, ਤਹਿਸੀਲਦਾਰ ਜਤਿੰਦਰ ਪਾਲ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਹਰਪ੍ਰੀਤ ਕੌਰ, ਪਟਵਾਰੀ ਗੁਰਪ੍ਰੀਤ ਸਿੰਘ, ਪੀ.ਏ ਅਰਸ਼ ਸਿੱਧੂ, ਪੀ.ਏ ਛਿੰਦਰ ਪਾਲ ਸਿੰਘ, ਪਿੰਡ ਅਬੁਲਖੁਰਾਣਾ ਦੇ ਸਰਪੰਚ ਵਿੱਕੀ ਸਿੰਘ ਤੋਂ ਇਲਾਵਾ ਕਿਸਾਨ ਹਰਦੀਪ ਸਿੰਘ, ਗੁਰਮੀਤ ਸਿੰਘ, ਸੁਖਮੰਦਰ ਸਿੰਘ ਉਰਫ਼ ਕਾਲਾ ਮਾਨ, ਤਜਿੰਦਰ ਸਿੰਘ, ਜਗਸੀਰ ਸਿੰਘ, ਗੁਰਮੀਤ ਮੈਂਬਰ, ਹਰਬੰਸ ਸਿੰਘ, ਗੁਰਜੀਤ ਮਾਨ, ਅਮਰਜੀਤ ਸਿੰਘ, ਜਗਤਾਰ ਧਾਲੀਵਾਲ ਹਾਜ਼ਿਰ ਸਨ।
Author : Malout Live



