ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਧੀਰ ਵਿਖੇ ਸਰ੍ਹੋਂ ਸੰਬੰਧੀ ਖੇਤ ਦਿਵਸ ਦਾ ਕੀਤਾ ਗਿਆ ਆਯੋਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹੇ ਵਿੱਚ ਸਰ੍ਹੋਂ ਦੀ ਕਾਸ਼ਤ ਨੂੰ ਪ੍ਰਫੁੱਲਿਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਗੋਭੀ ਸਰ੍ਹੋਂ ਦੀ ਕਿਸਮ ਜੀ.ਐੱਸ.ਸੀ 7 ਦੇ ਪ੍ਰਦਰਸ਼ਨੀ ਪਲਾਂਟ ਲਗਾਏ ਗਏ ਹਨ। ਇਸ ਸੰਬੰਧੀ ਕੇ.ਵੀ.ਕੇ ਵੱਲੋਂ ਪਿੰਡ ਮਧੀਰ ਵਿਖੇ ਸਰ੍ਹੋਂ ਸੰਬੰਧੀ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਿੰਡ ਦੇ ਲਗਭਗ 50 ਸੂਝਵਾਨ ਕਿਸਾਨ ਵੀਰਾਂ ਨੇ ਭਾਗ ਲਿਆ। ਇਸ ਸੰਬੰਧੀ ਡਾ. ਗੁਰਮੇਲ ਸਿੰਘ ਸੰਧੂ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਗੋਭੀ ਸਰ੍ਹੋਂ ਦੀ ਵੱਧ ਝਾੜ ਦੇਣ ਵਾਲੀ ਕਨੋਲਾ ਕੁਆਲਿਟੀ ਦੀ ਕਿਸਮ ਜੀ.ਐੱਸ.ਸੀ 7 ਵਿਕਸਿਤ ਕੀਤੀ ਗਈ ਹੈ, ਜਿਸ ਦਾ ਤੇਲ ਮਨੁੱਖੀ ਸਿਹਤ ਲਈ ਬਹੁਤ ਗੁਣਕਾਰੀ ਹੈ।

ਉਨ੍ਹਾਂ ਦੱਸਿਆ ਕਿ ਕਿਸਾਨ ਵੀਰਾਂ ਨੂੰ ਬਾਕੀ ਕਿਸਮਾਂ ਦੇ ਮੁਕਾਬਲੇ ਇਸ ਕਿਸਮ ਦੀ ਕਾਸ਼ਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਸਰ੍ਹੋਂ ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਗਰਮ ਰੁੱਤ ਦੀਆਂ ਦਾਲਾਂ, ਅਗੇਤੇ ਚਾਰੇ ਅਤੇ ਹਲਦੀ ਦੀ ਕਾਸ਼ਤ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੰਪੀ ਚਮੜੀ ਰੋਗ ਦੀ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਸੰਬੰਧੀ ਸੁਝਾਅ ਸਾਂਝੇ ਕੀਤੇ। ਅੰਤ ਵਿੱਚ ਉਨ੍ਹਾਂ ਨੇ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਖੇਤੀ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ। Author: Malout Live