ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਮਲੋਟ ਦੇ ਐਡਵਰਡਗੰਜ ਗੈਸਟ ਹਾਊਸ ਵਿਖੇ ਇੱਕ ਮੀਟਿੰਗ ਦਾ ਕੀਤਾ ਗਿਆ ਆਯੋਜਨ
ਮਲੋਟ: ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਇਕ ਡਾ. ਬਲਜੀਤ ਕੌਰ ਦੇ ਯਤਨਾਂ ਸਦਕਾ ਮਲੋਟ ਦੇ ਐਡਵਰਡਗੰਜ ਗੈਸਟ ਹਾਊਸ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੌਰਾਨ ਬਠਿੰਡਾ ਅਤੇ ਸ਼੍ਰੀ ਮੁਕਤਸਰ ਸਾਹਿਬ ਦੀ ਰਿਸੋਰਸ ਪਰਸਨ ਧਰਮਵੀਰ ਕੌਰ ਨੇ ਵੀ ਸਿਰਕਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਸਵੈ-ਰੁਜਗਾਰ ਯੋਜਨਾ ਅਧੀਨ ਆਚਾਰ ਬਣਾਉਣਾ, ਸ਼ਹਿਦ ਦੀ ਪੈਕਿੰਗ ਕਰਨਾ, ਦਹੀ ਪੈਕਿੰਗ, ਬੁਟੀਕ, ਸਿਲਾਈ-ਕਢਾਈ ਵਰਗੇ ਕੰਮਾਂ ਦੀ ਟ੍ਰੇਨਿੰਗ ਦੇ ਕੇ ਸੈਲਫ ਹੈਲਪ ਗਰੁੱਪ ਤਹਿਤ ਜਾਂ ਸਵੈ-ਰੁਜਗਾਰ ਲਈ ਸਬਸਿਡੀ ਤੇ ਲੋਨ ਮੁਹੱਈਆ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਵਿੱਚ ਕੰਮ ਕਰਨ ਵਾਲੀਆ ਔਰਤਾਂ ਨੂੰ 35 ਫੀਸਦੀ ਸਬਸਿਡੀ ਅਤੇ ਸ਼ਹਿਰ ਵਿੱਚ ਕੰਮ ਕਰਨ ਵਾਲੀਆ ਔਰਤਾਂ ਨੂੰ 25 ਫੀਸਦੀ ਤੱਕ ਸਬਸਿਡੀ ਦਿੱਤੀ ਜਾਵੇਗੀ। ਇਸ ਦੌਰਾਨ ਜਿਲ੍ਹਾ ਮੀਡੀਆ ਇੰਚਾਰਜ ਰਮੇਸ਼ ਅਰਨੀਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਦੀ ਇੱਛਾ ਹੈ ਕਿ ਔਰਤਾਂ ਨੂੰ ਸਵੈ-ਰੁਜਗਾਰ ਅਤੇ ਆਤਮ ਨਿਰਭਰ ਬਣਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਵੂਮੈਨ ਵਿੰਗ ਦੀ ਪਰਮਿੰਦਰ ਕੌਰ, ਆਸ਼ੂ ਚਾਨਣਾ, ਪਰਮਜੀਤ ਕੌਰ, ਮਨਜੀਤ ਕੌਰ ਅਤੇ ਜਸਵੀਰ ਕੌਰ ਹਾਜਰ ਸਨ। Author: Malout Live