ਜਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਸਥਾਪਿਤ ਗਿਆਨਸ਼ਾਲਾ (ਲਾਇਬ੍ਰੇਰੀ) ਦਾ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕੀਤਾ ਉਦਘਾਟਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ):  ਜਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਸਥਾਪਿਤ ਗਿਆਨਸ਼ਾਲਾ ਦਾ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਰੈੱਡ ਕ੍ਰਾਸ ਭਵਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਉਦਘਾਟਨ ਕੀਤਾ। ਇਹ ਗਿਆਨਸ਼ਾਲਾ (ਲਾਇਬ੍ਰੇਰੀ) ਦੇ ਨਵੇਂ ਰੂਪ ਵਿੱਚ ਸ਼ੁਰੂ ਹੋਣ ਨਾਲ ਜਿਲ੍ਹੇ ਦੇ ਨੌਜਵਾਨਾਂ ਖਾਸ ਕਰਕੇ ਜੋ ਪ੍ਰਤਿਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ, ਉਨ੍ਹਾਂ ਨੂੰ ਵੱਡਾ ਲਾਹਾ ਮਿਲੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਇਹ ਗਿਆਨਸ਼ਾਲਾ ਸਾਹਿਤਕ ਪੁਸਤਕਾਂ ਦੀ ਲਾਇਬ੍ਰੇਰੀ ਵਜੋਂ ਤਾਂ ਕੰਮ ਕਰੇਗੀ ਹੀ, ਨਾਲ ਹੀ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਲਈ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਿੱਚ ਵੀ ਇਹ ਗਿਆਨਸ਼ਾਲਾ ਵਰਦਾਨ ਸਾਬਿਤ ਹੋਵੇਗੀ।

ਉਨ੍ਹਾਂ ਨੇ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਜਲਦ ਹੀ ਇਸ ਲਾਇਬ੍ਰੇਰੀ ਦੀ ਡਿਜੀਟਲ ਵਿਭਾਗ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਰਾਹੀਂ ਬੱਚੇ ਦੁਨੀਆਂ ਭਰ ਦੇ ਸਾਹਿਤ ਨਾਲ ਜੁੜ ਸਕਣਗੇ ਅਤੇ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਵੀ ਉਨ੍ਹਾਂ ਲਈ ਇਸ ਵਿੱਚ ਉਪਲੱਬਧ ਹੋਵੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀਆਂ ਜਰੂਰਤ ਦੀਆਂ ਕਿਤਾਬਾਂ ਬਾਰੇ ਦੱਸਣ ਤਾਂ ਜੋ ਉਨ੍ਹਾਂ ਨੂੰ ਹੋਰ ਕਿਤਾਬਾਂ ਵੀ ਲੈ ਕੇ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਨਯਨ, ਐੱਸ.ਡੀ.ਐੱਮ ਸ਼੍ਰੀ ਕੰਵਰਜੀਤ ਸਿੰਘ, ਤਹਿਸੀਲਦਾਰ ਸ਼੍ਰੀ ਸੁਖਬੀਰ ਸਿੰਘ ਬਰਾੜ, ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਜਗਮੋਹਨ ਸਿੰਘ ਮਾਨ, ਮੁੱਖ ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ, ਡਿਪਟੀ ਡੀ.ਈ.ਓ ਸ਼੍ਰੀ ਕਪਿਲ ਸ਼ਰਮਾ ਵੀ ਹਾਜਰ ਸਨ। Author: Malout Live