ਗੜ੍ਹੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਲਈ 50000 ਪ੍ਰਤੀ ਏਕੜ ਮੁਆਵਜ਼ਾ ਦੇਵੇ ਸਰਕਾਰ- ਹਲਕਾ ਮਲੋਟ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ

ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਮਲੋਟ ਦੇ ਇੰਚਾਰਜ ਸ. ਹਰਪ੍ਰੀਤ ਸਿੰਘ ਕੋਟਭਾਈ ਨੇ ਗੜ੍ਹੇਮਾਰੀ ਪ੍ਰਭਾਵਿਤ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਜਾਇਜ਼ਾ ਲਿਆ। ਖੇਤਾਂ ਵਿੱਚ ਹੋਈ ਭਾਰੀ ਤਬਾਹੀ ਨੂੰ ਦੇਖਦਿਆਂ ਸ. ਕੋਟਭਾਈ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਰੰਤ ਮੁਆਵਜ਼ਾ ਦਿੱਤਾ ਜਾਵੇ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਮਲੋਟ ਦੇ ਇੰਚਾਰਜ ਸ. ਹਰਪ੍ਰੀਤ ਸਿੰਘ ਕੋਟਭਾਈ ਨੇ ਗੜ੍ਹੇਮਾਰੀ ਪ੍ਰਭਾਵਿਤ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਜਾਇਜ਼ਾ ਲਿਆ। ਖੇਤਾਂ ਵਿੱਚ ਹੋਈ ਭਾਰੀ ਤਬਾਹੀ ਨੂੰ ਦੇਖਦਿਆਂ ਸ. ਕੋਟਭਾਈ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਬੇਮੌਸਮੀ ਗੜੇਮਾਰੀ ਨੇ ਅੰਨਦਾਤੇ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਹਲਕੇ ਦੇ ਪਿੰਡ ਰੁਪਾਣਾ ਵਿੱਚ 4,000 ਏਕੜ, ਧਿਗਾਣਾ ਵਿੱਚ 1,600 ਏਕੜ, ਫੂਲੇਵਾਲਾ ਵਿੱਚ 800 ਏਕੜ, ਦਬੜਾ ਵਿੱਚ 500 ਏਕੜ, ਭੰਗਚੜੀ ਤੇ ਅਬੁਲਖੁਰਾਣਾ ਵਿੱਚ 500 ਏਕੜ ਅਤੇ ਪਿੰਡ ਰੱਥੜੀਆਂ ਵਿੱਚ 200 ਏਕੜ ਰਕਬੇ ਵਿੱਚ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।

ਸ. ਕੋਟਭਾਈ ਨੇ ਕਿਹਾ ਕਿ ਪ੍ਰਭਾਵਿਤ ਪਿੰਡਾਂ ਵਿੱਚ ਬਿਨ੍ਹਾਂ ਦੇਰੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਰਾਸ਼ੀ ਪਾਈ ਜਾਵੇ ਤਾਂ ਜੋ ਇਸ ਔਖੀ ਘੜੀ ਵਿੱਚ ਉਨ੍ਹਾਂ ਨੂੰ ਆਰਥਿਕ ਰਾਹਤ ਮਿਲ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਸ਼ਕਿਲ ਸਮੇਂ ਵਿੱਚ ਅਕਾਲੀ ਦਲ ਪੀੜ੍ਹਿਤ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਇਸ ਮੌਕੇ ਬਸੰਤ ਸਿੰਘ ਕੰਗ, ਸਰੋਜ ਸਿੰਘ ਪ੍ਰਧਾਨ, ਗੁਰਬਿੰਦਰ ਸਿੰਘ ਫੂਲੇਵਾਲਾ, ਗੁਰਬਖਸ਼ ਸਿੰਘ ਦਬੜਾ, ਹਰਨੇਕ ਸਿੰਘ ਸਰਪੰਚ, ਸੁਖਪਾਲ ਸਿੰਘ ਫੂਲੇਵਾਲਾ, ਹਨੀ ਬਰਾੜ, ਕੁਲਦੀਪ ਸਿੰਘ ਧਿਗਾਨਾ, ਸ਼ਮਿੰਦਰ ਸਿੰਘ ਭੰਗਚੜੀ, ਸਿੰਗਾਰਾ ਸਿੰਘ, ਹਰਦਮ ਸਿੰਘ, ਬਲਕੌਰ ਸਿੰਘ ਸਰਪੰਚ ਅਬੁਲਖੁਰਾਣਾ, ਜਸ਼ਨਦੀਪ ਸਿੰਘ ਲੱਕੜਵਾਲਾ, ਗੁਰਲਾਲ ਸਿੰਘ ਧਿਗਾਨਾ ਅਤੇ ਰਣਬੀਰ ਸਿੰਘ ਬੀਰਾ ਰੁਪਾਣਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਪਾਰਟੀ ਵਰਕਰ ਹਾਜ਼ਿਰ ਸਨ।

Author : Malout Live