ਮਲੋਟ ਦੇ ਨੇੜਲੇ ਪਿੰਡ ਛਾਪਿਆਂਵਾਲੀ ਵਿਖੇ 21 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਕਰਵਾਏ ਜਾਣਗੇ ਵਿਆਹ
ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਹੱਥ ਪੀਲੇ ਕਰਕੇ ਉਨ੍ਹਾਂ ਦੇ ਨਵੇਂ ਜੀਵਨ ਦੀ ਸ਼ੁਰੂਆਤ ਵਿੱਚ ਸਹਿਯੋਗ ਦੇਣਾ ਇੱਕ ਨੇਕ ਅਤੇ ਸਮਾਜਸੇਵਾ ਦਾ ਉੱਤਮ ਕਾਰਜ ਹੈ। ਇਸੇ ਉਦੇਸ਼ ਤਹਿਤ ਭਲਾਈ ਕੇਂਦਰ ਗੁਰੂ ਰਾਮ ਦਾਸ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ ਪਿੰਡ ਛਾਪਿਆਂਵਾਲੀ ਵਿਖੇ 21 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਹੱਥ ਪੀਲੇ ਕਰਕੇ ਉਨ੍ਹਾਂ ਦੇ ਨਵੇਂ ਜੀਵਨ ਦੀ ਸ਼ੁਰੂਆਤ ਵਿੱਚ ਸਹਿਯੋਗ ਦੇਣਾ ਇੱਕ ਨੇਕ ਅਤੇ ਸਮਾਜਸੇਵਾ ਦਾ ਉੱਤਮ ਕਾਰਜ ਹੈ। ਇਸੇ ਉਦੇਸ਼ ਤਹਿਤ ਭਲਾਈ ਕੇਂਦਰ ਗੁਰੂ ਰਾਮ ਦਾਸ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ ਪਿੰਡ ਛਾਪਿਆਂਵਾਲੀ ਵਿਖੇ 21 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ। ਇਹ ਸਮਾਗਮ 27 ਅਕਤੂਬਰ, ਦਿਨ ਮੰਗਲਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਉਸਤਾਦ ਗਿਆਨੀ ਮਹਿੰਦਰ ਸਿੰਘ ਝੋਰੜ ਦੀ ਮਿੱਠੀ ਯਾਦ ਵਿੱਚ ਕਰਵਾਏ ਜਾ ਰਹੇ 17ਵੇਂ ਸਾਲਾਨਾ ਗੁਰਮਤਿ ਸਮਾਗਮ ਦਾ ਹਿੱਸਾ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਅਤੇ ਸਮਾਜਸੇਵੀ ਸੰਸਥਾਵਾਂ ਬਲਾਕ ਲੰਬੀ ਦੇ ਕੋਆਰਡੀਨੇਟਰ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਨੇ ਦੱਸਿਆ ਕਿ 25 ਅਕਤੂਬਰ, ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਵੇਗੀ।
ਇਸ ਉਪਰੰਤ 27 ਅਕਤੂਬਰ, ਦਿਨ ਮੰਗਲਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਗੁਰਬਾਣੀ ਕੀਰਤਨ ਤੇ ਧਾਰਮਿਕ ਦੀਵਾਨ ਸਜਾਏ ਜਾਣਗੇ। ਇਸੇ ਦਿਨ 21 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਏ ਜਾਣਗੇ, ਜਿਸ ਨਾਲ ਸੰਸਥਾ ਵੱਲੋਂ ਸਮਾਜਸੇਵਾ ਅਤੇ ਮਨੁੱਖਤਾ ਦੀ ਭਲਾਈ ਦਾ ਸੁਨੇਹਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 26 ਅਕਤੂਬਰ, ਦਿਨ ਸੋਮਵਾਰ ਨੂੰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ, ਜਦਕਿ 27 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਧਾਰਮਿਕ ਦੀਵਾਨ ਚੱਲਣਗੇ। ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਅਤੇ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਬਾਬਾ ਸਰਬਜੀਤ ਸਿੰਘ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਦੇ ਇਸ ਪੁੰਨ-ਭਰੇ ਕਾਰਜ ਦੇ ਗਵਾਹ ਬਣਨ।
Author : Malout Live



