ਰੁਜ਼ਗਾਰ ਮੰਗਦੇ ਕੱਚੇ ਅਧਿਆਪਕਾਂ ਤੇ ਜਲ਼ ਤੋਪਾਂ ਦੀ ਵਰਤੋਂ ਕਰਨ ਤੇ ਲਾਠੀਚਾਰਜ਼ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਖਤ ਸ਼ਬਦਾਂ ਵਿਚ ਨਿਖੇਧੀ

 ਮਲੋਟ :- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ  ਦੇ ਪ੍ਰਧਾਨ ਮਨੋਹਰ ਲਾਲ ਸ਼ਰਮਾ ਮੀਤ ਪ੍ਰਧਾਨ ਬਲਦੇਵ ਸਿੰਘ ਸਾਹੀਵਾ , ਜਨਰਲ ਸਕੱਤਰ ਮਨਜੀਤ ਸਿੰਘ ਥਾਂਦੇਵਾਲਾ, ਸਰਪ੍ਰਸਤ ਕੁਲਵਿੰਦਰ ਸਿੰਘ ਨੇ ਅੱਜ ਮੁਹਾਲੀ ਵਿਚ ਪੱਕੇ ਹੋਣ ਦੀ ਲੜਾਈ ਲੜਦੇ ਕੱਚੇ ਅਧਿਆਪਕਾਂ ਤੇ ਜਲ਼ ਤੋਪਾਂ ਦੀ ਵਰਤੋਂ ਲਾਠੀਚਾਰਜ਼  ਕਰਨ ਦੀ ਸਖਤ ਨਿਖੇਧੀ ਕੀਤੀ ਹੈ। ਇਸ ਸਮੇਂ ਆਗੂਆਂ ਨੇ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਨੂੰ ਮਰਦ ਪੁਲਿਸ ਅਧਿਕਾਰੀਆਂ ਵਲੋਂ ਧੱਕਾ ਮੁੱਕੀ ਕਰਨਾਂ ਤੇ ਉਹਨਾਂ ਦੀਆਂ ਚੁੰਨੀਆਂ ਲਾਹੁਣੀਆਂ ਅਤਿ ਨਿੰਦਣਯੋਗ ਹਨ। ਇਸ ਸਮੇਂ ਜਥੇਬੰਦੀ ਦੇ ਆਗੂ ਅਧਿਆਪਕਾਂ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੇ ਸਕੂਲਾਂ ਵਿਚ ਹਜ਼ਾਰਾਂ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆ ਹਨ ਤੇ ਦੂਸਰੇ ਪਾਸੇ ਯੋਗਤਾ ਪ੍ਰਾਪਤ ਲੜਕੇ ਲੜਕੀਆਂ 15-15 ਸਾਲ ਤੋਂ ਨਿਗੂਣੀਆਂ ਤਨਖਾਹਾਂ ਤੇ ਸਿੱਖਿਆ ਵਿਭਾਗ ਵਿਚ ਨੌਕਰੀ ਕਰ ਰਹੇ ਹਨ ਤੇ ਉਹਨਾਂ ਨੇ ਸਾਰੀਆਂ ਯੋਗਤਾਵਾਂ ਵੀ ਪੱਕੀ  ਨੌਕਰੀ ਵਾਸਤੇ ਪੂਰੀਆਂ ਕੀਤੀਆਂ ਹੋਈਆਂ ਹਨ । ਸਰਕਾਰ ਕਈ ਦਿਨ ਤੋਂ ਪੱਕਾ ਧਰਨਾਂ ਲਗਾਉਣ ਦੇ ਬਾਵਜੂਦ ਗੱਲ ਨਹੀ ਸੁਣ ਰਹੀ ਤੇ ਦੂਸਰੇ ਪਾਸੇ ਸਰਕਾਰ ਪ੍ਰਚਾਰ ਰਾਹੀ ਹੀ ਪਤਾ ਨੀ ਕਿਹੜੇ ਲੋਕਾਂ ਨੂੰ 17 ਲੱਖ ਨੌਕਰੀ ਵੰਡੀ ਬੈਠੀ ਹੈ।

ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਤੇ ਹਮਦਰਦੀ ਨਾਲ ਗੌਰ ਕਰਕੇ ਹੱਲ ਕੀਤਾ ਜਾਵੇ ਤੇ ਉਹਨਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ ਅਤੇ ਘਰ ਘਰ ਰੁਜ਼ਗਾਰ ਦੇ ਵਾਅਦੇ ਨੂੰ ਅਸਲੀ ਜਾਮਾਂ ਪਹਿਨਾਇਆ ਜਾਵੇ। ਇਸ ਸਮੇਂ ਆਗੂਆਂ ਨੇ ਸਰਕਾਰ ਦੇ ਉਸ ਫੈਸਲੇ ਦੀ ਵੀ ਨਿੰਦਾਂ ਕੀਤੀ ਹੈ ਜਿਸ ਤਹਿਤ ਕੈਪਟਨ ਸਰਕਾਰ ਆਪਣੇ ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਚੋਰ ਮੋਰੀ ਰਾਂਹੀ ਗਜ਼ਟਿਡ ਪੋਸਟਾਂ ਤੇ ਤਾਇਨਾਤ ਕਰਨਾ ਚਾਹੁੰਦੀ ਹੈ। ਇਸ ਸਮੇਂ ਉਹਨਾਂ ਨੇ ਬੇਰੁਜ਼ਗਾਰਾਂ ਦੇ ਹਰ ਤਰਾਂ ਦੇ ਅੰਦੋਲਨ ਦੇ ਸਮੱਰਥਨ ਦਾ ਫੈਸਲਾ ਕੀਤਾ। ਮਨੋਹਰ ਲਾਲ ਸ਼ਰਮਾ, ਮਨਿੰਦਰ ਸਿੰਘ,  ਹਰਬਖ਼ਸ਼ ਬਹਾਦਰ ਸਿੰਘ, ਮਨਜੀਤ ਸਿੰਘ  ਮਹਿੰਦਰ ਸਿੰਘ, ਮਲਕੀਤ ਸਿੰਘ, ਬਲਦੇਵ ਸਿੰਘ ਸਾਹੀਵਾਲ, ਹਰਜੀਤ ਸਿੰਘ, ਨਛੱਤਰ ਸਿੰਘ ਨੂਰ ਰਾਜ ਕੁਮਾਰ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ , ਵਿਕਰਮ ਸੰਧੂ ਹਾਜਰ ਸਨ।