ਡੀਸੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ ਨੇ ਕਣਕ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਲਿਆ ਜਾਇਜਾ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ, ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਣਕ ਦੀ ਖਰੀਦ ਸਬੰਧੀ ਸ੍ਰੀਮਤੀ ਸਵਰਨਜੀਤ ਕੌਰ, ਉਪ ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਵੱਲੋਂ ਆਪਣੇ ਦਫਤਰ ਵਿਖੇ ਸਬੰਧਤ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਵੇਗੀ ਅਤੇ ਇਸ ਲਈ ਸਬ ਡਵੀਜਨ, ਸ੍ਰੀ ਮੁਕਤਸਰ ਸਾਹਿਬ ਵਿੱਚ ਕਣਕ ਦੀ ਸੁਚਾਰੂ ਖਰੀਦ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਤਰਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਸਗੋਂ ਕਣਕ ਦਾ ਦਾਣਾ ਦਾਣਾ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਖਰੀਦਿਆ ਜਾਵੇਗਾ। ਉਨਾਂ ਦੱਸਿਆ ਕਿ ਸਬ ਡਵੀਜਨ ਸ੍ਰੀ ਮੁਕਤਸਰ ਸਾਹਿਬ ਵਿੱਚ ਮਾਰਕਿਟ ਕਮੇਟੀ, ਸ੍ਰੀ ਮੁਕਤਸਰ ਸਾਹਿਬ ਅਧੀਨ 34 ਮੰਡੀਆਂ ਵਿੱਚ ਅਤੇ ਮਾਰਕਿਟ ਕਮੇਟੀ ਬਰੀਵਾਲਾ ਅਧੀਨ 14 ਪੱਕੀਆਂ ਮੰਡੀਆਂ, 10 ਕੱਚੀਆਂ ਮੰਡੀਆਂ ਅਤੇ 23 ਸ਼ੈਲਰਾਂ ਸਮੇਤ ਕੁੱਲ 47 ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਕੀਤੀ ਜਾਵੇਗੀ ਅਤੇ ਇਸ ਦੇ ਲਈ ਮੰਡੀਆਂ ਵਿੱਚ ਜੰਗੀ ਪੱਧਰ ਤੇ ਪ੍ਰਬੰਧ ਮੁਕੰਮਲ ਬਣਾਏ ਜਾ ਰਹੇ ਹਨ। ਇਸ ਲਈ ਮੰਡੀਆਂ ਵਿੱਚ ਸਫਾਈ ਕਾਰਜ ਜਾਰੀ ਹੈ ਅਤੇ 10 ਅਪ੍ਰੈਲ ਤੱਕ ਸਾਰੀਆਂ ਮੰਡੀਆਂ ਵਿੱਚ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਦੇ ਲਈ ਸ਼ੈੱਡ, ਪੀਣ ਦਾ ਪਾਣੀ ਅਤੇ ਰੋਸ਼ਨੀ ਦਾ ਇੰਤਜ਼ਾਮ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਕਣਕ ਵੇਚਣ ਦੇ ਲਈ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਸਰਕਾਰ ਵੱਲੋਂ ਖਰੀਦਿਆ ਜਾਵੇਗਾ।

ਇਸ ਤੋਂ ਇਲਾਵਾ ਸਮੂਹ ਮੁਲਾਜਮਾਂ ਨੂੰ ਹਦਾਇਤ ਕੀਤੀ ਗਈ ਕਿ ਉਨਾਂ ਦੇ ਅਧਿਕਾਰ ਖੇਤਰ ਅਧੀਨ ਆਉਂਦੀਆਂ ਮੰਡੀਆਂ ਦੀ ਨਿੱਜੀ ਤੌਰ ਤੇ ਚੈਕਿੰਗ ਕੀਤੀ ਜਾਵੇ। ਉਨਾਂ ਦੱਸਿਆ ਕਿ ਸਬ ਡਵੀਜਨ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਵਿੱਚ ਬਣਾਏ ਗਏ ਖਰੀਦ ਕੇਂਦਰਾਂ ਵਿੱਚ ਸਫਾਈ ਦੀ ਵਿਵਸਥਾ ਦੇ ਕਾਰਜ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨਾਂ ਕਿਸਾਨਾਂ ਨੂੰ ਪੂਰੀ ਤਰਾਂ ਨਾਲ ਸੁੱਕੀ ਕਣਕ ਅਤੇ ਸਾਫ-ਸੁੱਥਰੀ ਫਸਲ ਮੰਡੀ ਵਿੱਚ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਨੂੰ ਫਸਲ ਦੇ ਮੰਡੀਕਰਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। ਉਨਾਂ ਕਿਹਾ ਕਿ ਸਮੁੱਚੀ ਖਰੀਦ ਪ੍ਰਕਿਰਿਆ ਦੇ ਦੌਰਾਨ ਕਿਸੇ ਨੂੰ ਵੀ ਕਿਸੇ ਤਰਾਂ ਦੀ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਜਰੂਰੀ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਕਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਦੇ ਰਹਿਣ, ਮਾਸਕ ਪਹਿਨਣ, ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨ, ਸਾਫ-ਸਫਾਈ ਦਾ ਧਿਆਨ ਰੱਖਣ ਆਦਿ ਸਹਿਤ ਵੱਖ-ਵੱਖ ਹਦਾਇਤਾਂ ਸਬ ਡਵੀਜਨ ਸ੍ਰੀ ਮੁਕਤਸਰ ਸਾਹਿਬ ਦੇ ਮੰਡੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੇ ਦਿੱਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਪ੍ਰਸ਼ਾਸਨ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਫਸਲ ਵੇਚਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਉਨਾਂ ਨੂੰ ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਵੀ ਬਚਾਇਆ ਜਾ ਸਕੇ।