ਬਠਿੰਡਾ ਏਮਜ਼ ਵਿੱਚ ਇਲਾਜ ਲਈ ਆਉਂਦੇ ਲੋਕਾਂ ਦੀ ਮੰਗ ਹੋਈ ਪੂਰੀ
ਬਠਿੰਡਾ : ਬਠਿੰਡਾ ਏਮਜ਼ ਵਿਚ ਮਰੀਜ਼ਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਏਮਜ਼ ਅਥਾਰਟੀ ਨੇ ਓ.ਪੀ.ਡੀ. ਵਿਚ ਪਰਚੀ ਬਣਾਉਣ ਦਾ ਸਮਾਂ ਬਦਲ ਦਿੱਤਾ ਹੈ। ਪਹਿਲਾਂ ਪਰਚੀ ਬਣਾਉਣ ਦਾ ਸਮਾਂ 8:30 ਤੋਂ 11 ਵਜੇ ਤੱਕ ਹੁੰਦਾ ਸੀ ਪਰ ਠੰਡ ਜ਼ਿਆਦਾ ਹੋਣ ਕਾਰਨ ਲੋਕ ਇਸ ਸਮੇਂ 'ਤੇ ਹਸਪਤਾਲ ਪਹੁੰਚਣ ਵਿਚ ਅਸਮਰਥ ਸਨ, ਜਿਸ ਕਾਰਨ ਲੋਕਾਂ ਨੇ ਪਰਚੀ ਬਣਾਉਣ ਦੇ ਸਮੇਂ ਵਿਚ ਵਾਧਾ ਕਰਨ ਦੀ ਮੰਗ ਕੀਤੀ ਸੀ। ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਹੁਣ ਓ.ਪੀ.ਡੀ. ਦਾ ਸਮਾਂ 29 ਫਰਵਰੀ ਤੱਕ ਸਵੇਰੇ 8:30 ਤੋਂ ਦੁਪਹਿਰ 12 ਵਜੇ ਤੱਕ ਕਰ ਦਿੱਤਾ ਗਿਆ ਹੈ।ਇਸ ਗੱਲ ਦੀ ਜਾਣਕਾਰੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਟਵਿਟਰ ਅਕਾਊਂਟ 'ਤੇ ਦਿੱਤੀ ਹੈ। ਉਨ੍ਹਾਂ ਲਿਖਿਆ ਹੈ, 'ਮੇਰੀ ਕੀਤੀ ਬੇਨਤੀ ਨੂੰ ਅਮਲ 'ਚ ਲਿਆਉਣ ਲਈ ਮੈਂ ਏਮਜ਼ ਬਠਿੰਡਾ ਦੇ ਅਧਿਕਾਰੀਆਂ ਦੀ ਸ਼ੁਕਰਗੁਜ਼ਾਰ ਹਾਂ। ਲੋਕਾਂ ਦੀ ਪ੍ਰਤੀਕਿਰਿਆ ਲੈਣ ਉਪਰੰਤ ਮੈਂ ਬੇਨਤੀ ਕੀਤੀ ਸੀ ਕਿ ਕੜਾਕੇ ਦੀ ਠੰਢ ਨੂੰ ਦੇਖਦੇ ਹੋਏ, ਸਰਦੀਆਂ ਵਿਚ ਓ.ਪੀ.ਡੀ. ਰਜਿਸਟ੍ਰੇਸ਼ਨ ਦਾ ਸਮਾਂ ਬਦਲ ਲਿਆ ਜਾਵੇ ਅਤੇ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 29 ਫਰਵਰੀ ਤੱਕ ਰਜਿਸਟ੍ਰੇਸ਼ਨ ਖਿੜਕੀ ਹੁਣ ਸਵੇਰੇ 8:30 ਵਜੇ ਤੋਂ ਦੁਪਹਿਰ 12:00 ਵਜੇ ਤੱਕ ਖੁੱਲ੍ਹੀ ਰਿਹਾ ਕਰੇਗੀ।