ਗੁ. ਚਰਨ ਕਮਲ ਵਿਖੇ ਭਗਤ ਰਵੀਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਮਲੋਟ (ਆਰਤੀ ਕਮਲ):- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਵਿਖੇ ਭਗਤ ਰਵੀਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੇ ਉੱਘੇ ਰਾਗੀ ਢਾਡੀ ਜੱਥਿਆਂ ਵੱਲੋਂ ਭਗਤ ਜੀ ਦੇ ਜੀਵਨ ਤੇ ਚਾਨਣਾ ਪਾ ਕੇ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਸੰਗਤ ਨੂੰ ਪ੍ਰੇਰਨਾ ਕੀਤੀ ਗਈ । ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਗਤ ਰਵੀਦਾਸ ਦੇ 40 ਸ਼ਬਦ ਅਤੇ ਇਕ ਸਲੋਕ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹਨ । ਉਹਨਾਂ ਦੱਸਿਆ ਕਿ ਭਗਤ ਰਵੀਦਾਸ ਨੂੰ ਗੁਰੂ, ਸੰਤ ਦੇ ਨਾਲ ਨਾਲ ਰੈਦਾਸ ਅਤੇ ਰੋਹੀਦਾਸ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ । ਉਹ ਪੰਦਰਵੀਂ ਸਦੀ ਵਿਚ ਪੈਦਾ ਹੋਏ ਅਤੇ ਇਕ ਸਮਾਜ ਸੁਧਾਰਕ, ਮਾਨਵਵਾਦੀ, ਧਾਰਮਿੱਕ ਮਨੁੱਖ, ਚਿੰਤਕ ਅਤੇ ਮਹਾਨ ਕਵੀ ਸਨ । ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਤ ਰਵੀਦਾਸ ਦੀ ਰਚਨਾ ਰੱਬ, ਗੁਰੂ, ਬ੍ਰਹਮੰਡ ਅਤੇ ਕੁਦਰਤ ਨਾਲ ਪ੍ਰੇਮ ਦਾ ਸੁਨੇਹਾ ਦਿੰਦੀ ਹੋਈ ਮਨੁੱਖ ਦੀ ਭਲਾਈ ਤੇ ਜੋਰ ਦਿੰਦੀ ਹੈ ਜਿਸ ਕਰਕੇ ਹੀ ਉਹਨਾਂ ਦੇ ਸ਼ਬਦਾਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਸਥਾਨ ਮਿਲਿਆ । ਉਹਨਾਂ  ਸੰਗਤ ਨੂੰ ਦੱਸਿਆ ਕਿ ਭਗਤ ਰਵੀਦਾਸ ਦਾ ਜਨਮ 1377 ਈ. ਨੂੰ ਸੀਰ ਗੋਵਰਧਨ ਬਨਾਰਸ ਵਿਖੇ ਪਿਤਾ ਸੰਤੋਖ ਦਾਸ ਅਤੇ ਮਾਤਾ ਕਲਦੀ ਦੇਵੀ ਦੀ ਕੁੱਖੋਂ ਹੋਇਆ । ਭਗਤ ਰਵੀਦਾਸ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੱਚਾ ਸੌਦਾ ਵੇਲੇ, ਕਾਲੀ ਬੇਂਈ ਸੁਲਤਾਨਪੁਰ ਲੋਧੀ ਅਤੇ ਗੋਪਾਲਦਾਸ ਦੀ ਸਰਾਂ ਬਨਾਰਸ ਵਿਖੇ ਮੇਲ ਹੋਇਆ। ਇਸ ਮੌਕੇ ਗੁਰੂਘਰ ਦੇ ਖਜਾਨਚੀ ਜੱਜ ਸ਼ਰਮਾ ਨੇ ਦੱਸਿਆ ਕਿ ਗੁਰੂਘਰ ਵਿਖੇ ਮੁੱਖ ਦਰਬਾਰ ਹਾਲ ਦੀ ਕਾਰਸੇਵਾ ਚਲ ਰਹੀ ਹੈ ਅਤੇ ਹੁਣ ਗੁੰਬਦ ਦੀ ਸੇਵਾ ਜਲਦ ਸ਼ੁਰੂ ਹੋਣ ਵਾਲੀ ਹੈ । ਨਾਲ ਹੀ ਉਹਨਾਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ 1 ਮਾਰਚ ਨੂੰ ਆਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਹੋਵੇਗੀ ਅਤੇ ਵਿਸਾਖੀ ਤੇ ਸਮਾਪਤੀ ਹੋਵੇਗੀ । ਹੋਲੇ ਮੁਹੱਲੇ ਵਾਲੇ ਦਿਨ ਅੰਮ੍ਰਿਤ ਸੰਚਾਰ ਵੀ ਹੋਵੇਗਾ । ਇਸ ਮੌਕੇ ਵੱਡੀ ਗਿਣਤੀ ਸੰਗਤ ਹਾਜਰ ਸੀ ।