ਬਿਜਲੀ-ਪਾਣੀ ਦੇ ਰੇਟ ਘਟਾਉਣ ਲਈ ਸੰਘਰਸ਼,ਲੋਕਾਂ ਨੇ ਕੀਤਾ ਮੋਤੀ ਮਹਿਲ ਤੱਕ ਰੋਸ ਮਾਰਚ

ਪਟਿਆਲਾ:- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਰਾਜ ਕਮੇਟੀ ਨੇ ਬਿਜਲੀ ਅਤੇ ਪਾਣੀ ਦੇ ਰੇਟ ਘਟਾਉਣ ਅਤੇ ਹੋਰ ਲੋਕ ਮੰਗਾਂ ਖਾਤਰ ਅੱਜ ਮੋਤੀ ਮਹਿਲ ਤੱਕ ਜ਼ੋਰਦਾਰ ਰੋਸ ਮਾਰਚ ਕੀਤਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਲੋਕਾਂ ਨਾਲ ਨਿਆਂ ਕਰੇ। ਪੰਜਾਬ ਭਰ 'ਚੋਂ ਪੁੱਜੇ ਹਜ਼ਾਰਾਂ ਲੋਕ ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਲੋਕ-ਦੋਖੀ ਨੀਤੀਆਂ ਖਿਲਾਫ਼ ਰੋਸ ਪ੍ਰਗਟਾਉਂਦਿਆਂ ਮੰਗ ਕਰ ਰਹੇ ਸਨ ਕਿ ਸੂਬੇ ਦੇ ਲੋਕਾਂ ਨੂੰ ਬਿਜਲੀ 2 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇ, ਨਿੱਜੀ ਬਿਜਲੀ ਕਾਰੋਬਾਰੀਆਂ ਨਾਲ ਬਿਜਲੀ ਖਰੀਦ ਦੇ ਬਦਨੀਅਤੀ ਵਾਲੇ ਕੀਤੇ ਸਮਝੌਤੇ ਰੱਦ ਕਰ ਕੇ ਸਰਕਾਰੀ ਮਾਲਕੀ ਵਾਲੇ ਤਿੰਨੇ ਥਰਮਲ ਪੂਰੀ ਸਮਰੱਥਾ ਨਾਲ ਚਲਾਏ ਜਾਣ ਅਤੇ ਰੱਜੇ-ਪੁੱਜੇ ਲੋਕਾਂ ਨੂੰ ਮੁਫਤ ਬਿਜਲੀ ਅਤੇ ਸਬਸਿਡੀ ਦੇਣੀ ਤੁਰੰਤ ਬੰਦ ਕਰ ਕੇ ਇਹ ਲਾਭ ਹਕੀਕੀ ਲੋੜਵੰਦਾਂ ਨੂੰ ਦਿੱਤਾ ਜਾਵੇ। ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਸੂਬੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਸਰਕਾਰ ਮੁਫਤ ਮੁਹੱਈਆ ਕਰਵਾਏ, ਪਾਣੀ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਫੰਡ ਕਾਇਮ ਕਰਦਿਆਂ ਹੰਗਾਮੀ ਨੀਤੀ ਬਣਾਈ ਜਾਵੇ, ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਵਿਚ ਸਨਅਤੀ ਤੇ ਮੈਡੀਕਲ ਰਹਿੰਦ-ਖੂੰਹਦ ਦੀ ਮਿਲਾਵਟ ਬੰਦ ਕੀਤੀ ਜਾਵੇ, ਬਾਰਸ਼ਾਂ ਦਾ ਪਾਣੀ ਸੰਭਾਲ ਕੇ ਮੁੜ ਵਰਤਣਯੋਗ ਬਣਾਉਣ ਲਈ ਜੰਗੀ ਪੱਧਰ 'ਤੇ ਉਪਰਾਲੇ ਕੀਤੇ ਜਾਣ ਅਤੇ ਧਰਤੀ ਹੇਠਲੇ ਪਾਣੀਆਂ 'ਤੇ ਨਿਰਭਰਤਾ ਘਟਾ ਕੇ ਦਰਿਆਈ ਪਾਣੀਆਂ ਰਾਹੀਂ ਖੇਤੀ ਲੋੜਾਂ ਪੂਰੀਆਂ ਕਰਨ ਦਾ ਐਕਸ਼ਨ ਪਲਾਨ ਉਲੀਕਿਆ ਜਾਵੇ। ਬੁਲਾਰਿਆਂ ਨੇ ਕਿਹਾ ਕਿ ਪਟਿਆਲਾ ਮੋਰਚਾ ਵੱਖ-ਵੱਖ ਰੂਪਾਂ 'ਚ ਵਿਸ਼ਾਲ ਪੈਮਾਨੇ 'ਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਮੰਗਾਂ ਲਾਗੂ ਨਹੀਂ ਕਰ ਦਿੰਦੀ।