ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਨਾਉਣ ਲਈ ਵਿਸ਼ੇਸ ਮੁਹਿੰਮ ਜਾਰੀ

ਸ੍ਰੀ ਮੁਕਤਸਰ ਸਾਹਿਬ :-  ਸ੍ਰੀਮਤੀ ਸਵਰਨਜੀਤ ਕੌਰ, ਪੀ.ਸੀ.ਐੱਸ, ਉਪ-ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਨੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ, ਸ੍ਰੀ ਮੁਕਸਤਰ ਸਾਹਿਬ ਦੀ ਰਹਿਨਮੁਈ ਹੇਠ ਜਿ਼ਲ੍ਹੇ ਦੇ ਵਸਨੀਕਾਂ ਦੀ ਸਿਹਤ ਸਹੂਲਤ ਅਤੇ ਬਿਮਾਰੀਆਂ ਦੇ ਖਰਚੇ ਦੀ ਪ੍ਰਤੀਪੂਰਤੀ ਲਈ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਬਨਾਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਤਹਿਤ ਵਿਅਕਤੀ ਸਰਕਾਰੀ ਜਾਂ ਸਰਕਾਰ ਵੱਲੋਂ ਪ੍ਰਵਾਨਿਤ ਪ੍ਰਾਈਵੇਟ ਹਸਪਤਾਲ ਪਾਸੋਂ 5.00 ਲੱਖ ਰੁਪਏ ਤੱਕ ਮੈਡੀਕਲ ਖਰਚੇ ਦਾ ਇਲਾਜ ਕਰਵਾ ਸਕਦਾ ਹੈ। ਸਮਾਰਟ ਰਾਸ਼ਨ ਕਾਰਡ, ਜੇ-ਫਾਰਮ ਧਾਰਕ ਕਿਸਾਨ, ਲਾਭਪਾਤਰੀ ਕਾਰਡ ਧਾਰਕ ਕਿਰਤੀ ਅਤੇ ਛੋਟੇ ਵਪਾਰੀ ਆਦਿ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਸਕੀਮ ਤਹਿਤ ਕਾਰਡ ਬਨਾਉਣ ਲਈ ਮਿਤੀ 22 ਤੋਂ 28 ਫ਼ਰਵਰੀ 2021 ਤੱਕ ਸਬ-ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਸਕੀਮ ਦਾ ਲਾਭ ਲੈਣ ਲਈ ਕੋਈ ਵੀ ਵਿਅਕਤੀ ਆਪਣੇ ਨਜ਼ਦੀਕੀ ਸਰਕਾਰੀ ਸਿਵਲ ਹਸਪਤਾਲ, ਹੈਲਥ ਸੈਂਟਰ, ਸੇਵਾ ਕੇਂਦਰ, ਕਾਮਨ ਸਰਵਿਸ ਸੈਂਟਰ, ਮਾਰਕੀਟ ਕਮੇਟੀ ਦਫ਼ਤਰ ਵਿੱਚ ਆਪਣਾ ਆਧਾਰ ਕਾਰਡ, ਪਰਿਵਾਰ ਸ਼ਨਾਖਤੀ ਦਸਤਾਵੇਜ਼, ਰਾਸ਼ਨ ਕਾਰਡ, ਉਸਾਰੀ ਕਿਰਤੀ ਦਾ ਰਜਿਸਟਰੇਸ਼ਨ ਕਾਰਡ ਲੇੈ ਕੇ 30 ਰੁਪਏ ਫੀਸ ਅਦਾ ਕਰਕੇ ਆਪਣਾ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਬਨਵਾ ਸਕਦਾ ਹੈ। ਇਸ ਤੋਂ ਇਲਾਵਾ ਕੇਂਦਰਾਂ ਦੀ ਸੂਚੀ, ਆਪਣੀ ਪਾਤਰਤਾ ਜਾਂ ਸਕੀਮ ਦਾ ਲਾਭ ਲੈਣ ਲਈ Web site www.sha.punjab.gov.in      ਜਾਂ ਟੋਲ ਫ਼ਰੀ ਨੰ: 104 ਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਮੀਟਿੰਗ ਦੌਰਾਨ ਉਹਨਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਪੂਰਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ ਕੈਂਪ, ਪ੍ਰਚਾਰ ਕੀਤਾ ਜਾਵੇ ਅਤੇ ਵੱੱਧ-ਵੱਧ ਲੋਕਾਂ ਨੂੰ ਇਸ ਸਕੀਮ ਨਾਲ ਜੋੜਿਆ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਤਾਰੀ ਇਸ ਸਕੀਮ ਦਾ ਲਾਭ ਲੈਣ ਤੋਂ ਵਚਿੰਤ ਨਾ ਰਹੇ।