ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਪਿੰਡ ਵਿੱਚ ਘਰ -ਘਰ ਜਾ ਕੇ ਮੋਤੀਆ ਬਿੰਦ ਦੇ ਸੰਭਾਵਿਤ ਮਰੀਜ਼ਾਂ ਦੀ ਕੀਤੀ ਜਾ ਰਹੀ ਪਹਿਚਾਣ
ਮਲੋਟ:- ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਹਰ ਪਿੰਡ ਵਿੱਚ ਘਰ-ਘਰ ਜਾ ਕੇ ਮੋਤੀਆ ਬਿੰਦ ਦੇ ਸੰਭਾਵਿਤ ਮਰੀਜ਼ਾਂ ਦਾ ਸਰਵੇ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੇ ਨਿਰਦੇਸ਼ਾਂ ਅਤੇ ਸੀ.ਐੱਚ.ਸੀ ਚੱਕ ਸ਼ੇਰੇ ਵਾਲਾ ਦੇ ਐੱਸ.ਐਮ.ਓ ਡਾ. ਕੁਲਤਾਰ ਸਿੰਘ ਦੀ ਅਗਵਾਈ ਹੇਠ ਬਲਾਕ ਵਿਖੇ ਫੀਲਡ ਸਟਾਫ਼ ਵੱਲੋਂ ਸਰਵੇ ਅਤੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ ਨੇ ਦੱਸਿਆ ਕਿ ਸਰਵੇ ਦੌਰਾਨ 50 ਸਾਲ ਤੋਂ ਵੱਧ ਉਮਰ ਦੇ ਉਹਨਾਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿੰਨ੍ਹਾਂ ਦੀ ਨਿਗਾਹ ਕਮਜ਼ੋਰ ਹੈ ਜਾਂ ਜਿੰਨ੍ਹਾਂ ਵਿੱਚ ਮੁੱਢਲੀ ਜਾਂਚ ਤੇ ਹੀ ਮੋਤੀਆ ਬਿੰਦ ਦੀ ਪੁਸ਼ਟੀ ਹੋ ਜਾਂਦੀ ਹੈ।
ਪੁਸ਼ਟੀ ਹੋਣ ਤੇ ਉਹਨਾਂ ਨੂੰ ਜ਼ਿਲ੍ਹਾ ਹਸਪਤਾਲ ਜਾਂ ਸੀ.ਐੱਚ.ਸੀ ਤੇ ਜਿੱਥੇ ਅੱਖਾਂ ਦੇ ਮਾਹਿਰ ਡਾਕਟਰ ਜਾਂ ਓਪਥੈਲਮਿਕ ਅਫ਼ਸਰ ਮੌਜੂਦ ਹਨ, ਕੋਲ ਰੈਫਰ ਕੀਤਾ ਜਾਵੇਗਾ ਤਾਂ ਜੋ ਉਹਨਾਂ ਦਾ ਆਪ੍ਰੇਸ਼ਨ ਕੀਤਾ ਜਾ ਸਕੇ। ਸਿਹਤ ਕੇਂਦਰ ਵਿੱਚ ਮੋਤੀਆ ਬਿੰਦ ਦੀ ਜਾਂਚ ਕੀਤੀ ਜਾਵੇਗੀ। ਜਿੱਥੋਂ ਉਨਾਂ ਨੂੰ ਸੀ.ਐੱਚ.ਸੀ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਭੇਜਿਆ ਜਾਵੇਗਾ ਅਤੇ ਮੋਤੀਆ ਬਿੰਦ ਦੀ ਮੁੱਢਲੀ ਜਾਂਚ ਕੀਤੀ ਜਾਵੇਗੀ। ਜਾਂਚ ਵਿੱਚ ਮੋਤੀਆ ਬਿੰਦ ਦੀ ਪੁਸ਼ਟੀ ਹੋਣ ਤੋਂ ਬਾਅਦ ਆਪ੍ਰੇਸ਼ਨ ਕੀਤਾ ਜਾਵੇਗਾ। ਗੰਭੀਰ ਮਰੀਜਾਂ ਨੂੰ ਮੈਡੀਕਲ ਕਾਲਜ ਭੇਜਿਆ ਜਾਵੇਗਾ। ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੇ ਸਰਵੇ ਵਿੱਚ ਫੀਲਡ ਸਟਾਫ਼ ਏ.ਐੱਨ.ਐਮ, ਮਲਟੀਪਰਪਜ ਹੈੱਲਥ ਵਰਕਰ (ਮੇਲ), ਸੀ.ਐੱਚ.ਓ ਅਤੇ ਆਸ਼ਾ ਵਰਕਰ ਅਹਿਮ ਭੂਮਿਕਾ ਨਿਭਾ ਰਹੇ ਹਨ।