ਬੇਰੁਜ਼ਗਾਰ ਓਵਰਏਜ 7 ਅਪ੍ਰੈਲ ਨੂੰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ

ਮਲੋਟ: ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਅਤੇ ਮਲਟੀਪਰਪਜ ਹੈੱਲਥ ਵਰਕਰ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਓਵਰਏਜ ਬੇਰੁਜ਼ਗਾਰ 7 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ ਕਰਨਗੇ।ਜਾਣਕਾਰੀ ਦਿੰਦਿਆ ਰਮਨ ਕੁਮਾਰ ਨੇ ਦੱਸਿਆ ਕਿ ਬੇਰੁਜਗਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਿਆ ਅਤੇ ਸਿਹਤ ਮਹਿਕਮੇ ਵਿੱਚ ਉਮਰ ਹੱਦ ਛੋਟ ਦੇ ਕੇ ਖਾਲੀ ਪਈਆਂ ਅਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਾਰ-ਵਾਰ ਸਟੇਜਾਂ ਉੱਤੇ ਓਵਰਏਜ ਬੇਰੁਜ਼ਗਾਰਾਂ ਲਈ ਉਮਰ ਹੱਦ ਵਧਾਉਣ ਦੀ ਗੱਲ ਕੀਤੀ ਜਾਦੀ ਹੈ, ਪਰ ਮਾਸਟਰ ਕੇਡਰ 4161 ਅਤੇ ਈ.ਟੀ.ਟੀ 5994 ਪੋਸਟਾਂ ਵਿੱਚ ਸਰਕਾਰ ਵੱਲੋਂ ਲਾਰਾ ਲਾਉਣ ਦੇ ਬਾਵਜੂਦ ਉਮਰ ਹੱਦ ਛੋਟ ਨਹੀਂ ਦਿੱਤੀ ਗਈ। ਸਰਕਾਰ ਦੀ ਇਸ ਵਾਅਦਾ ਖਿਲਾਫ਼ੀ ਕਰਕੇ ਅਤੇ ਆਪਣੀਆਂ ਮੰਗਾਂ ਮੰਨਵਾਉਣ ਲਈ 23 ਮਾਰਚ ਇਨਕਲਾਬੀ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਉਸ ਸਮੇਂ ਦੇ ਹਲਾਤਾਂ ਨੂੰ ਦੇਖਦਿਆਂ ਹੋਇਆਂ ਅਤੇ ਸੰਗਰੂਰ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਘਿਰਾਓ ਮੁਲਤਵੀਂ ਕਰ ਦਿੱਤਾ ਗਿਆ ਸੀ, ਪਰ ਹੁਣ 7 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਬੇਰੁਜ਼ਗਾਰ ਆਗੂਆਂ ਨੇ ਮੰਗ ਕੀਤੀ ਕਿ ਨਿਯਮਾਂ ਵਿੱਚ ਸੋਧ ਕਰਕੇ ਭਰਤੀ ਦੀ ਉਮਰ ਹੱਦ 37 ਤੋਂ ਵਧਾ ਕੇ 42 ਸਾਲ ਕੀਤੀ ਜਾਵੇ, ਉਮਰ ਹੱਦ ਪਾਰ ਕਰ ਚੁੱਕੇ ਸਾਰੇ ਬੇਰੁਜ਼ਗਾਰਾਂ ਨੂੰ ਘੱਟੋ-ਘੱਟ ਇੱਕ ਮੌਕਾ ਦਿੱਤਾ ਜਾਵੇ। ਸਾਰੇ ਵਿਭਾਗਾਂ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕੀਤੇ ਜਾਣ। Author: Malout Live