ਗਣਤੰਤਰਤਾ ਦਿਵਸ ਤੇ ਲੋੜਵੰਦਾਂ ਨੂੰ ਵੰਡੇ ਗਏ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾਂ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਸ. ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਅੱਜ 73ਵੇਂ ਗਣਤੰਤਰਤਾ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਕਮਾਂਡਰ ਡੀ.ਐੱਸ.ਪੀ ਰਸ਼ਪਾਲ ਸਿੰਘ ਦੀ ਅਗਵਾਈ ਵਿੱਚ ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਅਤੇ ਪੰਜਾਬ ਹੋਮ ਗਾਰਡ ਦੀਆਂ ਟੁਕੜੀਆਂ ਦੀ ਅਗਵਾਈ ਵਿਚ ਪਰੇਡ ਤੋਂ ਸਲਾਮੀ ਲਈ। ਉਹਨਾਂ ਗਣਤੰਤਰਤਾ ਦਿਵਸ ਮੌਕੇ ਤੇ ਇਸ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਦੱਸਿਆ ਕਿ ਅੱਜ ਦੇ ਦਿਨ ਗੌਰਮਿੰਟ ਆਫ ਇੰਡੀਆ ਐਕਟ 1935 ਨੂੰ ਹਟਾ ਕੇ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਉਹਨਾਂ ਇਸ ਮੌਕੇ ਭਾਰਤ ਦੇਸ਼ ਦੀ ਆਜ਼ਾਦੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਵੀ ਯਾਦ ਕੀਤਾ ਅਤੇ ਆਖਿਆ ਕਿ ਅੱਜ ਸਾਡੇ ਦੇਸ਼ ਨੂੰ ਪੂਰਨ ਤੌਰ ਤੇ ਗਣਤੰਤਰ ਕਹਾਉਣ ਦਾ ਮਾਣ ਅਤੇ ਸਤਿਕਾਰ ਉਹਨਾਂ ਮਹਾਨ ਸੂਰਬੀਰਾਂ, ਕ੍ਰਾਂਤੀਕਾਰੀਆਂ, ਨਿੱਧੜਕ ਯੋਧਿਆ ਦੀ ਬਦੌਲਤ ਹੀ ਹਾਸਿਲ ਹੋਇਆ ਹੈ। ਇਸ ਮੌਕੇ ਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਕੋਰੋਨਾ ਵੈਕਸੀਨ ਦਾ ਪਹਿਲਾਂ ਅਤੇ ਦੂਸਰਾ ਟੀਕਾ ਜਰੂਰ ਸਿਹਤ ਵਿਭਾਗ ਪਾਸੋਂ ਲਗਵਾਉਣ ਤਾਂ ਜੋ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ ਅਤੇ
ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਆਜ਼ਾਦੀ ਲਈ ਵਿਡੇ ਗਏ ਸੁਤੰਤਰਤਾ ਸੰਗਰਾਮ ਦੀ ਯਾਦ ਦਿਵਾਉਂਦਿਆਂ ਉਹਨਾਂ ਆਖਿਆ ਕਿ ਇਸ ਮੁਲਕ ਨੂੰ ਬ੍ਰਿਟਿਸ਼ ਰਾਜ ਦੀ ਕਾਲੋਨੀ ਤੋਂ ਆਜ਼ਾਦ ਮੁਲਕ ਹਿੰਦੁਸਤਾਨ ਬਨਾਉਣ ਲਈ ਆਜ਼ਾਦੀ ਗੁਲਾਟੀਆਂ ਨੇ ਬੇਹਿਸਾਬ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਤੇ ਉਹਨਾਂ ਆਖਿਆ ਕਿ ਜਿੱਥੇ ਆਪਾਂ ਸਭ ਨੂੰ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਵਾਲੇ ਪਰਵਾਨਿਆਂ ਨੂੰ ਯਾਦ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਅੱਜ ਦੀ ਘੜੀ ਕੌਮ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਸਰਕਾਰਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਉਹਨਾਂ ਜਿ਼ਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਕਰਵਾਈਆਂ ਜਾ ਰਹੀਆਂ ਚੋਣਾਂ ਬਿਨ੍ਹਾਂ ਕਿਸੇ ਡਰ, ਦਬਾਓ ਜਾਂ ਲਾਲਚ ਦੇ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾ ਕੇ ਵਿਧਾਇਕ ਦੀ ਚੋਣ ਕਰਨ। ਗਣਤੰਤਰਤਾ ਦਿਵਸ ਸਮਾਗਮ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਰੈੱਡ ਕਰਾਸ ਵੱਲੋਂ ਲੋੜਵੰਦਾਂ ਨੂੰ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾ ਵੰਡੀਆਂ ਗਈਆਂ ਅਤੇ ਲੋਕਾਂ ਨੂੰ ਚੰਗੀਆਂ ਸੇਵਾਵਾ ਦੇਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਅਰੁਣਵੀਰ ਵਸ਼ਿਸ਼ਟ ਜਿਲ੍ਹਾ ਅਤੇ ਸ਼ੈਸ਼ਨ ਜੱਜ, ਸ਼੍ਰੀ ਸੰਦੀਪ ਕੁਮਾਰ ਮਲਿਕ ਐੱਸ.ਐੱਸ.ਪੀ, ਰਾਜਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ, ਸਵਰਨਜੀਤ ਕੌਰ ਐੱਸ.ਡੀ.ਐਮ ਅਤੇ ਡੀ.ਪੀ.ਆਰ.ਓ ਗੁਰਦੀਪ ਸਿੰਘ ਮਾਨ ਵੀ ਹਾਜਿਰ ਸਨ।